ਬਿਜਲੀ ਡਿੱਗਣ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਨਵੇਂ ਜੰਗਲੀ ਅੱਗ ਦੇ ਮਾਮਲੇ

ਬਿਜਲੀ ਡਿੱਗਣ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਨਵੇਂ ਜੰਗਲੀ ਅੱਗ ਦੇ ਮਾਮਲੇ

ਵੈਨਕੂਵਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਦੋ ਨਵੀਆਂ ਜੰਗਲੀ ਅੱਗਾਂ ਭੜਕਣ ਦੀ ਪੁਸ਼ਟੀ ਹੋਈ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ ਦੋਵੇਂ ਅੱਗਾਂ 100 ਮਾਈਲ ਹਾਊਸ ਜ਼ੋਨ ਵਿੱਚ ਲੱਗੀਆਂ ਹਨ।

ਚੈਜ਼ਮ ਕ੍ਰੀਕ ਵਾਈਲਡਫਾਇਰ, ਜੋ ਚੈਜ਼ਮ ਰੋਡ ਤੋਂ ਲਗਭਗ 5 ਕਿਲੋਮੀਟਰ ਪੂਰਬ ਵੱਲ ਸਥਿਤ ਹੈ, ਇਸ ਵੇਲੇ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਇਸ ਦਾ ਖੇਤਰਫਲ ਕਰੀਬ 50 ਹੈਕਟੇਅਰ ਤੱਕ ਫੈਲ ਚੁੱਕਾ ਹੈ।ਦੂਜੀ ਅੱਗ ਜੈਕ ਫ੍ਰੌਸਟ ਲੇਕ ਦੇ ਦੱਖਣ ਵੱਲ ਲੱਗੀ ਹੈ, ਜਿਸ ਨੂੰ ਫਿਲਹਾਲ ਕਾਬੂ ਵਿੱਚ ਰੱਖਿਆ ਗਿਆ ਹੈ। ਇਸ ਅੱਗ ਦਾ ਖੇਤਰਫਲ ਲਗਭਗ 15 ਹੈਕਟੇਅਰ ਦੱਸਿਆ ਗਿਆ ਹੈ।ਵਾਈਲਡਫਾਇਰ ਸਰਵਿਸ ਦੀਆਂ ਟੀਮਾਂ ਦੋਵੇਂ ਥਾਵਾਂ ‘ਤੇ ਮੌਜੂਦ ਹਨ ਅਤੇ ਹਾਲਾਤ ‘ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਅਤੇ ਏਅਰ ਟੈਂਕਰਾਂ ਦੀ ਮਦਦ ਵੀ ਲਈ ਜਾ ਰਹੀ ਹੈ।ਕਾਰਿਬੂ ਫਾਇਰ ਸੈਂਟਰ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀ ਖੁਸ਼ਕਸਾਲੀ, ਸਰਦੀਆਂ ਵਿੱਚ ਘੱਟ ਬਰਫਬਾਰੀ ਅਤੇ ਹਾਲੀਆ ਗਰਮ ਤੇ ਸੁੱਕੇ ਮੌਸਮ ਕਾਰਨ ਜੰਗਲਾਂ ਵਿੱਚ ਅੱਗ ਲਈ ਬਹੁਤ ਜ਼ਿਆਦਾ ਇੰਧਨ ਇਕੱਠਾ ਹੋ ਗਿਆ ਹੈ।

ਮਾਹਿਰਾਂ ਨੇ ਦੱਸਿਆ ਕਿ ਕਈ ਵਾਰ ਬਿਜਲੀ ਡਿੱਗਣ ਨਾਲ ਅੱਗ ਤੁਰੰਤ ਭੜਕਦੀ ਨਹੀਂ, ਸਗੋਂ ਜ਼ਮੀਨ ਹੇਠਾਂ ਹੌਲੀ-ਹੌਲੀ ਸੜਦੀ ਰਹਿੰਦੀ ਹੈ। ਜਿਵੇਂ ਹੀ ਮੌਸਮ ਹੋਰ ਗਰਮ ਅਤੇ ਸੁੱਕਾ ਹੁੰਦਾ ਹੈ, ਇਹ ਸੜਦੇ ਹੋਏ ਹਿੱਸੇ ਵੱਡੀ ਜੰਗਲੀ ਅੱਗ ਦਾ ਰੂਪ ਧਾਰ ਲੈਂਦੇ ਹਨ।