ਪ੍ਰਧਾਨ ਮੰਤਰੀ ਕਾਰਨੀ ਸਰਕਾਰ ਦੀ ਸ਼ਰਨਾਰਥੀ ਨੀਤੀ ਦੇ ਪਿੱਛੇ ਪੁਰਾਣੇ ਸੁਝਾਅ, 30 ਹਜ਼ਾਰ ਦਾਅਵੇਦਾਰ ਹੋ ਸਕਦੇ ਅਯੋਗ
ਓਟਾਵਾ-ਕੈਨੇਡਾ ਵਿੱਚ ਇਸ ਸਾਲ ਲਾਗੂ ਕੀਤੀਆਂ ਗਈਆਂ ਸਖ਼ਤ ਸ਼ਰਨਾਰਥੀ ਨੀਤੀਆਂ ਦੀ ਬੁਨਿਆਦ ਦਰਅਸਲ 2024 ਵਿੱਚ ਹੀ ਰੱਖੀ ਜਾ ਚੁੱਕੀ ਸੀ। ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭੇਜੇ ਗਏ ਸੁਝਾਅ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਕਾਨੂੰਨੀ ਰੂਪ ਵਿੱਚ ਲਾਗੂ ਕਰ ਦਿੱਤੇ ਗਏ ਹਨ।
ਸਰਕਾਰੀ ਅਨੁਮਾਨ ਮੁਤਾਬਕ, ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਲਗਭਗ 30,000 ਸ਼ਰਨਾਰਥੀ ਦਾਅਵੇਦਾਰ ਅਯੋਗ ਘੋਸ਼ਿਤ ਹੋ ਸਕਦੇ ਹਨ।ਮਾਰਕ ਮਿਲਰ ਨੇ ਆਪਣੇ ਸੁਝਾਅ ਵਿੱਚ ਦਰਸਾਇਆ ਸੀ ਕਿ ਜਿਹੜੇ ਵਿਅਕਤੀ ਕੈਨੇਡਾ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਨਾਰਥੀ ਦਾਅਵਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਗੈਰ-ਅਧਿਕਾਰਕ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਲਈ 14 ਦਿਨਾਂ ਦੀ ਸਮਾਂ ਸੀਮਾ ਲਗਾਉਣ ਦੀ ਸਿਫਾਰਸ਼ ਵੀ ਕੀਤੀ ਗਈ ਸੀ।
ਇਹ ਸਾਰੇ ਪ੍ਰਸਤਾਵ ਬਾਅਦ ਵਿੱਚ ਬਿਲ ਸੀ-12 ਤਹਿਤ ਕਾਨੂੰਨ ਬਣ ਗਏ। ਮਿਲਰ ਨੇ ਉਸ ਸਮੇਂ ਚੇਤਾਵਨੀ ਦਿੱਤੀ ਸੀ ਕਿ ਵਧ ਰਹੇ ਸ਼ਰਨਾਰਥੀ ਦਾਅਵੇ, ਸੀਮਿਤ ਸਰੋਤ ਅਤੇ ਵਿਸ਼ਵ ਪੱਧਰ ‘ਤੇ ਬਦਲਦੇ ਪਰਵਾਸੀ ਰੁਝਾਨਾਂ ਕਾਰਨ ਕੈਨੇਡਾ ਦਾ ਅਸਾਈਲਮ ਸਿਸਟਮ ਭਾਰੀ ਦਬਾਅ ਹੇਠ ਆ ਰਿਹਾ ਹੈ, ਜਿਸ ਨਾਲ ਕੇਸਾਂ ਦੀ ਸੁਣਵਾਈ ਵਿੱਚ ਦੇਰੀ ਅਤੇ ਬੈਕਲੌਗ ਵਧ ਰਿਹਾ ਹੈ।
ਚਿੱਠੀ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਸਰਕਾਰ ਨੂੰ ਵੱਡੀ ਗਿਣਤੀ ਵਿੱਚ ਵੀਜ਼ਿਆਂ ਨੂੰ ਇਕੱਠੇ ਰੱਦ ਕਰਨ ਦੇ ਅਧਿਕਾਰ ਦਿੱਤੇ ਜਾਣ, ਜਿਸਨੂੰ ਬਾਅਦ ਵਿੱਚ ਸਰਹੱਦੀ ਸੁਰੱਖਿਆ ਉਪਾਵਾਂ ਵਿੱਚ ਸ਼ਾਮਿਲ ਕੀਤਾ ਗਿਆ। ਹਾਲਾਂਕਿ, ਇਸ ਮਾਮਲੇ ‘ਤੇ ਮਾਰਕ ਮਿਲਰ ਨੇ ਕੈਬਿਨੇਟ ਗੁਪਤਤਾ ਦਾ ਹਵਾਲਾ ਦੇਂਦੇ ਹੋਏ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ।ਮੌਜੂਦਾ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਦਫ਼ਤਰ ਵੱਲੋਂ ਵੀ ਪਿਛਲੀ ਸਰਕਾਰ ਦੇ ਫੈਸਲਿਆਂ ‘ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ।ਮਿਲਰ ਨੇ ਆਪਣੇ ਸੁਝਾਅ ਵਿੱਚ ਇਹ ਵੀ ਦਰਸਾਇਆ ਸੀ ਕਿ ਅਮਰੀਕਾ ਵਿੱਚ ਪਹਿਲਾਂ ਹੀ ਇੱਕ ਸਾਲ ਦੀ ਸੀਮਾ ਲਾਗੂ ਹੈ ਅਤੇ ਸਖ਼ਤ ਨਿਯਮ ਖਤਰੇ ਘਟਾਉਣ ਲਈ ਲਾਜ਼ਮੀ ਹਨ, ਖ਼ਾਸ ਕਰਕੇ ਡੋਨਾਲਡ ਟਰੰਪ ਦੀ ਸੰਭਾਵਿਤ ਨੀਤੀਆਂ ਦੇ ਪ੍ਰਸੰਗ ਵਿੱਚ।
ਹਾਲਾਂਕਿ, ਬਿਲ ਸੀ-12 ਨੂੰ ਪਾਸ ਕਰਵਾਉਣਾ ਆਸਾਨ ਨਹੀਂ ਸੀ। ਵਿਰੋਧੀ ਪਾਰਟੀਆਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਇਸ ‘ਤੇ ਗੰਭੀਰ ਚਿੰਤਾਵਾਂ ਜਤਾਈਆਂ ਗਈਆਂ। ਸੈਨੇਟ ਵੱਲੋਂ ਵੀ ਕਈ ਸੋਧਾਂ ਦੀ ਸਿਫਾਰਸ਼ ਕੀਤੀ ਗਈ, ਪਰ ਆਖਿਰਕਾਰ ਲਿਬਰਲ ਸਰਕਾਰ ਨੇ ਕੰਜ਼ਰਵੇਟਿਵਜ਼ ਅਤੇ ਬਲੌਕ ਕਿਊਬੈਕਵਾ ਦੇ ਸਮਰਥਨ ਨਾਲ ਇਹ ਬਿਲ ਪਾਸ ਕਰਵਾ ਲਿਆ।ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੁਣ ਹਜ਼ਾਰਾਂ ਸ਼ਰਨਾਰਥੀ ਦਾਅਵੇਦਾਰਾਂ ਨੂੰ ਅਯੋਗ ਹੋਣ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਇਸ ਮਸਲੇ ‘ਤੇ ਚਰਚਾ ਹੋਰ ਤੇਜ਼ ਹੋ ਗਈ ਹੈ।
















