ਜੰਗਬੰਦੀ ਹੋਣ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ’ਤੇ ਉਡਾਣਾਂ ਮੁੜ ਸ਼ੁਰੂ
Flights resume at Chandigarh airport after ceasefire
ਚੰਡੀਗੜ੍ਹ-ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧ ਰਹੇ ਤਣਾਅ ਕਾਰਨ ਰੋਕੀਆਂ ਗਈਆਂ ਫਲਾਈਟਾਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਉਡਾਣ ਦਾ ਸੰਚਾਲਨ ਮੁੜ ਸ਼ੁਰੂ ਹੋਇਆ ਜਿਸ ਅਨੁਸਾਰ ਪਹਿਲੀ ਉਡਾਣ ਮੁੰਬਈ ਤੋਂ ਸਵੇਰੇ 8:11 ਵਜੇ ਪਹੁੰਚੀ ਅਤੇ ਸਵੇਰੇ 9:04 ਵਜੇ ਰਵਾਨਾ ਹੋਈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਕੰਮ ਆਮ ਵਾਂਗ ਹੀ ਚੱਲੇਗਾ। ਦਿੱਲੀ ਲਈ ਉਡਾਣਾਂ ਦੁਪਹਿਰ ਅਤੇ ਸ਼ਾਮ ਲਈ ਵੀ ਨਿਰਧਾਰਤ ਹਨ।
ਜ਼ਿਕਰਯੋਗ ਹੈ ਇੰਡੀਗੋ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੰਮੂ ਅਤੇ ਅੰਮ੍ਰਿਤਸਰ ਸਮੇਤ ਛੇ ਹਵਾਈ ਅੱਡਿਆਂ ਤੋਂ ਨਿਰਧਾਰਤ ਉਡਾਣਾਂ ਬੁੱਧਵਾਰ ਤੋਂ ਹੌਲੀ-ਹੌਲੀ ਮੁੜ ਸ਼ੁਰੂ ਹੋਣਗੀਆਂ। ਕਿਉਂਕਿ ਸੋਮਵਾਰ ਨੂੰ, ਏਅਰਲਾਈਨ ਨੇ ਮੰਗਲਵਾਰ ਲਈ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਹ ਛੇ ਹਵਾਈ ਅੱਡੇ ਉਨ੍ਹਾਂ 32 ਹਵਾਈ ਅੱਡਿਆਂ ਵਿੱਚੋਂ ਹਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੇ ਮੱਦੇਨਜ਼ਰ ਅਸਥਾਈ ਤੌਰ ’ਤੇ ਬੰਦ ਕਰਨ ਤੋਂ ਬਾਅਦ ਸੋਮਵਾਰ ਨੂੰ ਨਾਗਰਿਕ ਉਡਾਣਾਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ। ਮੰਗਲਵਾਰ ਨੂੰ, ਏਅਰ ਇੰਡੀਆ ਅਤੇ ਸਪਾਈਸਜੈੱਟ ਨੇ ਸ਼੍ਰੀਨਗਰ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਨੇ ਜੰਮੂ ਲਈ ਸੇਵਾਵਾਂ ਚਲਾਈਆਂ।
















