ਗੁਰੂਗ੍ਰਾਮ ਮੈਟਰੋ ਪ੍ਰਾਜੈਕਟ ਦੀ ਲਾਗਤ 10,266 ਕਰੋੜ ਤੱਕ ਪਹੁੰਚੀ, ਹਰਿਆਣਾ ਕੈਬਨਿਟ ਵੱਲੋਂ ਮਨਜ਼ੂਰੀ
ਚੰਡੀਗੜ੍ਹ-ਹਰਿਆਣਾ ਕੈਬਨਿਟ ਨੇ ਗੁਰੂਗ੍ਰਾਮ ਮੈਟਰੋ ਦੇ ਮਿਲੇਨਿਅਮ ਸਿਟੀ ਸੈਂਟਰ ਤੋਂ ਸਾਇਬਰ ਸਿਟੀ ਤੱਕ ਦੇ ਪ੍ਰਾਜੈਕਟ ਦੀ ਸੰਸ਼ੋਧਿਤ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਪ੍ਰਾਜੈਕਟ ਦੀ ਕੁੱਲ ਲਾਗਤ 10,266.54 ਕਰੋੜ ਰੁਪਏ ਹੋਵੇਗੀ, ਜੋ ਪਹਿਲਾਂ ਮਨਜ਼ੂਰ ਕੀਤੀ ਗਈ 5,452.72 ਕਰੋੜ ਰੁਪਏ ਦੀ ਲਾਗਤ ਨਾਲੋਂ ਲਗਭਗ ਦੋਗੁਣੀ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। 28.50 ਕਿਲੋਮੀਟਰ ਲੰਬੇ ਇਸ ਮੈਟਰੋ ਕੋਰੀਡੋਰ ਵਿੱਚ ਕੁੱਲ 27 ਸਟੇਸ਼ਨ ਬਣਾਏ ਜਾਣਗੇ।
ਸਰਕਾਰੀ ਬੁਲਾਰੇ ਅਨੁਸਾਰ ਪ੍ਰਾਜੈਕਟ ਦੀ ਲਾਗਤ ਵਧਣ ਦੇ ਮੁੱਖ ਕਾਰਨ 2019 ਤੋਂ 2023 ਦਰਮਿਆਨ ਨਿਰਮਾਣ ਸਮੱਗਰੀ ਦੀਆਂ ਵਧੀਆਂ ਕੀਮਤਾਂ, ਜੀਐਸਟੀ ਦਰਾਂ ਵਿੱਚ ਤਬਦੀਲੀ, ਵਾਧੂ ਢਾਂਚਾਗਤ ਲੋੜਾਂ ਅਤੇ ਪ੍ਰਾਜੈਕਟ ਦੇ ਵਧੇ ਹੋਏ ਦਾਇਰੇ ਹਨ।ਸੰਸ਼ੋਧਿਤ ਲਾਗਤ ਵਿੱਚ ਲਗਭਗ 7,098 ਕਰੋੜ ਰੁਪਏ ਕੀਮਤਾਂ ਅਤੇ ਜੀਐਸਟੀ ਵਾਧੇ ਲਈ, 947 ਕਰੋੜ ਰੁਪਏ ਵਾਧੂ ਕੋਰੀਡੋਰ ਲੋੜਾਂ ਲਈ ਅਤੇ ਕਰੀਬ 454 ਕਰੋੜ ਰੁਪਏ ਗੁਰੂਗ੍ਰਾਮ ਰੇਲਵੇ ਸਟੇਸ਼ਨ ਤੱਕ ਨਵੀਂ ਮੈਟਰੋ ਸਪਰ ਲਾਈਨ ਬਣਾਉਣ ਲਈ ਰੱਖੇ ਗਏ ਹਨ।
ਕੈਬਨਿਟ ਨੇ ਰੈਪਿਡ ਮੈਟਰੋ ਨਾਲ ਇੰਟੀਗ੍ਰੇਸ਼ਨ ਅਤੇ ਗੁਰੂਗ੍ਰਾਮ ਰੇਲਵੇ ਸਟੇਸ਼ਨ ਨਾਲ ਜੋੜਨ ਵਾਲੀ 1.80 ਕਿਲੋਮੀਟਰ ਲੰਬੀ ਸਪਰ ਲਾਈਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਨਾਲ ਰੇਲ ਅਤੇ ਮੈਟਰੋ ਯਾਤਰਾ ਵਿੱਚ ਬਿਹਤਰ ਕਨੈਕਟਿਵਿਟੀ ਮਿਲੇਗੀ।ਇਸ ਪ੍ਰਾਜੈਕਟ ਲਈ ਵਰਲਡ ਬੈਂਕ ਤੋਂ ਸਾਫਟ ਲੋਨ ਰਾਹੀਂ ਫੰਡਿੰਗ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਮੈਟਰੋ ਕੋਰੀਡੋਰ ਗੁਰੂਗ੍ਰਾਮ ਵਿੱਚ ਆਵਾਜਾਈ ਨੂੰ ਕਾਫ਼ੀ ਸੁਧਾਰੇਗਾ ਅਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।
















