ਕੈਲਗਰੀ ਫੂਡ ਬੈਂਕ ਦੀ ਸ਼ਹਿਰ ਪੱਧਰੀ ਮੁਹਿੰਮ ’ਚ 4.75 ਲੱਖ ਪੌਂਡ ਤੋਂ ਵੱਧ ਖਾਣ-ਪੀਣ ਦੀਆਂ ਵਸਤਾਂ ਇਕੱਠੀਆਂ

The Calgary Food Bank’s 22nd annual city-wide food drive collected more than 475,000 pounds of food and over $194,000 in donations, with support from more than 300,000 Calgarians and over 8,000 volunteers.

ਕੈਲਗਰੀ ਫੂਡ ਬੈਂਕ ਦੀ ਸ਼ਹਿਰ ਪੱਧਰੀ ਮੁਹਿੰਮ ’ਚ 4.75 ਲੱਖ ਪੌਂਡ ਤੋਂ ਵੱਧ ਖਾਣ-ਪੀਣ ਦੀਆਂ ਵਸਤਾਂ ਇਕੱਠੀਆਂ

ਕੈਲਗਰੀ-ਕੈਲਗਰੀ ਫੂਡ ਬੈਂਕ ਵੱਲੋਂ ਕਰਵਾਈ ਗਈ 22ਵੀਂ ਸਾਲਾਨਾ ਸ਼ਹਿਰ ਪੱਧਰੀ ਫੂਡ ਡਰਾਈਵ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪਿਛਲੇ ਹਫ਼ਤੇ ਦੇ ਅਖੀਰ ਵਿੱਚ 3 ਲੱਖ ਤੋਂ ਵੱਧ ਕੈਲਗਰੀ ਵਾਸੀਆਂ ਨੇ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਫੂਡ ਬੈਂਕ ਲਈ ਖਾਣ-ਪੀਣ ਦੀਆਂ ਵਸਤਾਂ ਅਤੇ ਨਕਦੀ ਦਾਨ ਕੀਤੀ।ਫੂਡ ਡਰਾਈਵ ਦੌਰਾਨ 4,75,000 ਪੌਂਡ ਤੋਂ ਵੱਧ ਖਾਣ-ਪੀਣ ਦੀਆਂ ਵਸਤਾਂ ਇਕੱਠੀਆਂ ਹੋਈਆਂ, ਜਦਕਿ 1,94,000 ਡਾਲਰ ਤੋਂ ਕੁਝ ਵੱਧ ਦੀ ਨਕਦੀ ਵੀ ਇਕੱਠੀ ਕੀਤੀ ਗਈ। ਇਸ ਵਿੱਚ ਲੋਕਾਂ ਵੱਲੋਂ ਦਿੱਤੇ 1,69,087 ਡਾਲਰ ਅਤੇ ਪੈਰੇਟੋ ਫਾਊਂਡੇਸ਼ਨ ਵੱਲੋਂ ਦਿੱਤੇ 25,000 ਡਾਲਰ ਦਾ ਮੈਚਿੰਗ ਦਾਨ ਸ਼ਾਮਲ ਹੈ।

ਕੈਲਗਰੀ ਫੂਡ ਬੈਂਕ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੇਲਿਸਾ ਫ੍ਰੌਮ ਨੇ ਕਿਹਾ ਕਿ ਇਹ ਮੁਹਿੰਮ ਇਸ ਗੱਲ ਦੀ ਮਿਸਾਲ ਹੈ ਕਿ ਭਾਈਚਾਰਾ ਇਕੱਠਾ ਹੋ ਕੇ ਲੋੜਵੰਦ ਲੋਕਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇ ਸੇਂਟਸ ਅਤੇ ਕੈਲਗਰੀ ਭਰ ਵਿੱਚ ਸੇਵਾ ਕਰਨ ਵਾਲੇ 8,000 ਤੋਂ ਵੱਧ ਵਲੰਟੀਅਰਾਂ ਦਾ ਧੰਨਵਾਦ ਕੀਤਾ।ਜਿਹੜੇ ਲੋਕ ਹਫ਼ਤੇ ਦੇ ਅਖੀਰ ਦੀ ਮੁਹਿੰਮ ਵਿੱਚ ਦਾਨ ਨਹੀਂ ਕਰ ਸਕੇ, ਉਹ ਅਜੇ ਵੀ ਆਨਲਾਈਨ ਚੱਲ ਰਹੀ ਵਰਚੁਅਲ ਮੁਹਿੰਮ ਰਾਹੀਂ ਸਹਿਯੋਗ ਦੇ ਸਕਦੇ ਹਨ। ਸਥਾਨਕ ਕਰਿਆਨੇ ਦੀਆਂ ਦੁਕਾਨਾਂ ਦੇ ਸਾਹਮਣੇ ਰੱਖੇ ਫੂਡ ਡੋਨੇਸ਼ਨ ਬਿਨਾਂ ਵਿੱਚ ਵੀ ਖਾਣ-ਪੀਣ ਦੀਆਂ ਵਸਤਾਂ ਦਾਨ ਕੀਤੀਆਂ ਜਾ ਰਹੀਆਂ ਹਨ।ਕੈਲਗਰੀ ਫੂਡ ਬੈਂਕ ਮੁਤਾਬਕ ਇਸ ਸਮੇਂ ਹਰ ਹਫ਼ਤੇ 15,000 ਤੋਂ ਵੱਧ ਕੈਲਗਰੀ ਵਾਸੀਆਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਰੋਜ਼ 900 ਤੋਂ ਵੱਧ ਐਮਰਜੈਂਸੀ ਫੂਡ ਹੈਂਪਰ ਵੰਡੇ ਜਾਂਦੇ ਹਨ।ਪਿਛਲੇ ਸਾਲ ਕੈਲਗਰੀ ਵਿੱਚ ਲੋੜਵੰਦ ਲੋਕਾਂ ਨੂੰ 2,38,000 ਤੋਂ ਵੱਧ ਐਮਰਜੈਂਸੀ ਫੂਡ ਹੈਂਪਰ ਮੁਹੱਈਆ ਕਰਵਾਏ ਗਏ ਸਨ।