ਕੈਲਗਰੀ ਦੇ ਓਲੰਪਿਕ ਪਲਾਜ਼ਾ ਦੇ ਨਵੀਨੀਕਰਨ ਪ੍ਰੋਜੈਕਟ ਦੀ ਸ਼ੁਰੂਆਤ

ਕੈਲਗਰੀ ਦੇ ਓਲੰਪਿਕ ਪਲਾਜ਼ਾ ਦੇ ਨਵੀਨੀਕਰਨ ਪ੍ਰੋਜੈਕਟ ਦੀ ਸ਼ੁਰੂਆਤ

ਕੈਲਗਰੀ-ਕੈਲਗਰੀ ਦੇ ਪ੍ਰਸਿੱਧ ਓਲੰਪਿਕ ਪਲਾਜ਼ਾ ਦੇ ਬਹੁ-ਉਡੀਕਤ ਨਵੀਨੀਕਰਨ ਪ੍ਰੋਜੈਕਟ ਦੀ ਅਧਿਕਾਰਕ ਤੌਰ ’ਤੇ ਸ਼ੁਰੂਆਤ ਹੋ ਗਈ ਹੈ। ਵੀਰਵਾਰ ਨੂੰ ਕੈਲਗਰੀ ਮਿਊਂਸਪਲ ਲੈਂਡ ਕਾਰਪੋਰੇਸ਼ਨ (CMLC), ਵਰਕਲੰਡ ਸੈਂਟਰ ਅਤੇ ਸਿਟੀ ਆਫ ਕੈਲਗਰੀ ਵੱਲੋਂ ਇਸ ਪ੍ਰੋਜੈਕਟ ਲਈ ਭੂਮੀ ਪੂਜਨ ਸਮਾਗਮ ਕੀਤਾ ਗਿਆ, ਜਿਸ ਨਾਲ ਡਾਊਨਟਾਊਨ ਦੇ ਸਭ ਤੋਂ ਮਹੱਤਵਪੂਰਨ ਜਨਤਕ ਸਥਾਨਾਂ ਵਿੱਚੋਂ ਇੱਕ ਨੂੰ ਨਵੀਂ ਸ਼ਕਲ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ।ਇਹ ਪ੍ਰੋਜੈਕਟ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਡਾਊਨਟਾਊਨ ਦੇ ਦੋ ਬਲਾਕਾਂ ਨੂੰ ਇੱਕ ਵਿਸ਼ਾਲ ਸੱਭਿਆਚਾਰਕ ਅਤੇ ਨਾਗਰਿਕ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਓਲੰਪਿਕ ਪਲਾਜ਼ਾ ਜਨਵਰੀ 2025 ਵਿੱਚ ਬੰਦ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਤੋੜ-ਫੋੜ ਅਤੇ ਤਿਆਰੀ ਦਾ ਕੰਮ ਸ਼ੁਰੂ ਹੋ ਗਿਆ ਸੀ।

ਵਰਕਲੰਡ ਸੈਂਟਰ ਦੇ ਵਿਸਥਾਰ ਦਾ ਕੰਮ ਪਹਿਲਾਂ ਹੀ ਜਨਵਰੀ 2025 ਵਿੱਚ ਸ਼ੁਰੂ ਹੋ ਚੁੱਕਾ ਸੀ, ਜਦਕਿ ਹੁਣ ਪਲਾਜ਼ਾ ਦੇ ਮੁੱਖ ਨਵੀਨੀਕਰਨ ਕੰਮ ਨੂੰ ਵੀ ਅਧਿਕਾਰਕ ਤੌਰ ’ਤੇ ਹਰੀ ਝੰਡੀ ਮਿਲ ਗਈ ਹੈ।ਨਵੇਂ ਡਿਜ਼ਾਇਨ ਤਹਿਤ ਪਲਾਜ਼ਾ ਦੇ ਪੂਰਬੀ ਹਿੱਸੇ ਵਿੱਚ ਇੱਕ ਨਵਾਂ ਪੈਵੀਲਿਅਨ ਬਣਾਇਆ ਜਾਵੇਗਾ, ਜਿੱਥੇ ਖਾਣ-ਪੀਣ ਦੀਆਂ ਸਹੂਲਤਾਂ ਅਤੇ ਜਨਤਕ ਵਾਸ਼ਰੂਮ ਹੋਣਗੇ। ਉੱਤਰੀ ਹਿੱਸੇ ਵਿੱਚ ਨਵਾਂ ਹਰਿਆ-ਭਰਿਆ ਖੇਤਰ ਤਿਆਰ ਕੀਤਾ ਜਾਵੇਗਾ, ਜਦਕਿ ਪੱਛਮੀ ਪਾਸੇ ਤੋਂ 1 ਲੱਖ 70 ਹਜ਼ਾਰ ਵਰਗ ਫੁੱਟ ਵਿੱਚ ਫੈਲੇ ਵਰਕਲੰਡ ਸੈਂਟਰ ਵਿਸਥਾਰ ਨਾਲ ਸਿੱਧਾ ਜੋੜ ਬਣਾਇਆ ਜਾਵੇਗਾ। ਇਸ ਵਿਸਥਾਰ ਵਿੱਚ ਓਸਟਨ-ਵਿਕਟਰ ਪਲੇਹਾਊਸ ਅਤੇ 200 ਸੀਟਾਂ ਵਾਲਾ ਸਟੂਡੀਓ ਥੀਏਟਰ ਵੀ ਸ਼ਾਮਲ ਹੋਵੇਗਾ।

ਸੀਐਮਐਲਸੀ ਅਨੁਸਾਰ ਨਵਾਂ ਪਲਾਜ਼ਾ ਪੂਰੀ ਤਰ੍ਹਾਂ ਪਹੁੰਚਯੋਗ (ਐਕਸੈਸਿਬਲ) ਹੋਵੇਗਾ ਅਤੇ ਰੋਜ਼ਾਨਾ ਵਰਤੋਂ, ਮਾਰਕੀਟਾਂ, ਕਮਿਊਨਿਟੀ ਪ੍ਰੋਗਰਾਮਾਂ, ਵੱਡੇ ਸਮਾਗਮਾਂ ਅਤੇ ਸਰਦੀਆਂ ਵਿੱਚ ਸਕੇਟਿੰਗ ਰਿੰਕ ਲਈ ਤਿਆਰ ਕੀਤਾ ਜਾਵੇਗਾ। ਇਸ ਥਾਂ ’ਤੇ ਇੱਕ ਸਮੇਂ ਵਿੱਚ ਲਗਭਗ 5 ਹਜ਼ਾਰ ਲੋਕ ਇਕੱਠੇ ਹੋ ਸਕਣਗੇ।ਓਲੰਪਿਕ ਵਿਰਾਸਤ ਨਾਲ ਜੁੜੇ ਮਹੱਤਵਪੂਰਨ ਚਿੰਨ੍ਹ ਵੀ ਨਵੇਂ ਡਿਜ਼ਾਇਨ ਦਾ ਹਿੱਸਾ ਰਹਿਣਗੇ। ਇਨ੍ਹਾਂ ਵਿੱਚ 1988 ਓਲੰਪਿਕ ਕਾਲਡਰਨ, “Citius, Altius, Fortius” ਮੋਟੋ ਅਤੇ 12 ਮੀਟਰ ਉੱਚਾ “ਸਨਫਲੇਕ” ਡਿਜ਼ਾਇਨ ਸ਼ਾਮਲ ਹਨ।

ਇਸ ਪ੍ਰੋਜੈਕਟ ਦੇ 2028 ਤੱਕ ਮੁਕੰਮਲ ਹੋਣ ਦੀ ਉਮੀਦ ਹੈ।ਕੈਲਗਰੀ ਦੇ ਮੇਅਰ ਜੇਰੋਮੀ ਫਾਰਕਾਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਸ਼ਹਿਰ ਦੇ ਭਵਿੱਖ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਵੱਡਾ ਅਤੇ ਕਾਮਯਾਬ ਸ਼ਹਿਰ ਕਲਾ ਅਤੇ ਜਨਤਕ ਥਾਵਾਂ ਵਿੱਚ ਨਿਵੇਸ਼ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ।ਲਗਭਗ 70 ਮਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਲਈ ਫੰਡਿੰਗ ਅਲਬਰਟਾ ਸਰਕਾਰ, ਸਿਟੀ ਆਫ ਕੈਲਗਰੀ ਅਤੇ ਵਰਕਲੰਡ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ।

ਅਧਿਕਾਰੀਆਂ ਅਨੁਸਾਰ ਪ੍ਰੋਜੈਕਟ ਦੇ ਆਖਰੀ ਪੜਾਅ ਲਈ ਵੀ ਫੰਡਿੰਗ ਯਕੀਨੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ, ਜਿਸ ਵਿੱਚ ਮੌਜੂਦਾ ਵਰਕਲੰਡ ਸੈਂਟਰ ਦਾ ਆਧੁਨਿਕੀਕਰਨ ਵੀ ਸ਼ਾਮਲ ਹੈ।