ਕੈਲਗਰੀ ਤੇ ਮੈਡੀਸਨ ਹੈਟ ’ਚ ਹੀਟ ਵਾਰਨਿੰਗ ਜਾਰੀ

ਕੈਲਗਰੀ ਤੇ ਮੈਡੀਸਨ ਹੈਟ ’ਚ ਹੀਟ ਵਾਰਨਿੰਗ ਜਾਰੀ

ਅਗਲੇ ਦੋ ਦਿਨ ਤਾਪਮਾਨ 30 ਤੋਂ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ; ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਸਲਾਹ

ਕੈਲਗਰੀ: ਕੈਲਗਰੀ ਅਤੇ ਮੈਡੀਸਨ ਹੈਟ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਦੌਰਾਨ ਤਾਪਮਾਨ ਵਿੱਚ ਤੇਜ਼ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਦੋਵੇਂ ਸ਼ਹਿਰਾਂ ਲਈ ‘ਯੈਲੋ’ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ।ਕੈਲਗਰੀ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ 30 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਹੈ, ਜਦਕਿ ਸ਼ਨੀਵਾਰ ਨੂੰ ਇਹ ਮੱਧ 30 ਡਿਗਰੀ ਤੱਕ ਪਹੁੰਚ ਸਕਦਾ ਹੈ। ਐਤਵਾਰ ਨੂੰ ਤਾਪਮਾਨ ਮੁੜ ਕਰੀਬ 20 ਡਿਗਰੀ ਤੱਕ ਡਿੱਗਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਆਮ ਦਿਨ ਦਾ ਤਾਪਮਾਨ ਲਗਭਗ 24 ਡਿਗਰੀ ਹੁੰਦਾ ਹੈ। ਸ਼ੁੱਕਰਵਾਰ ਰਾਤ ਵੀ ਤਾਪਮਾਨ ਕਰੀਬ 17 ਡਿਗਰੀ ਰਹਿਣ ਦੀ ਸੰਭਾਵਨਾ ਹੈ, ਜੋ ਆਮ ਨਾਲੋਂ ਕਾਫ਼ੀ ਵੱਧ ਹੈ।

ਮੈਡੀਸਨ ਹੈਟ ਵਿੱਚ ਗਰਮੀ ਹੋਰ ਤੇਜ਼ ਰਹੇਗੀ। ਸ਼ੁੱਕਰਵਾਰ ਨੂੰ ਤਾਪਮਾਨ ਮੱਧ 30 ਡਿਗਰੀ ਅਤੇ ਸ਼ਨੀਵਾਰ ਨੂੰ ਵੱਧ ਕੇ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਨੂੰ ਇਹ ਮੁੜ ਕਰੀਬ 28 ਡਿਗਰੀ ਰਹਿ ਸਕਦਾ ਹੈ।ਐਨਵਾਇਰਮੈਂਟ ਕੈਨੇਡਾ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਬਾਹਰੀ ਗਤੀਵਿਧੀਆਂ ਨੂੰ ਦਿਨ ਦੇ ਠੰਢੇ ਸਮੇਂ ਦੌਰਾਨ ਕਰਨ, ਵਾਰ-ਵਾਰ ਆਰਾਮ ਕਰਨ ਅਤੇ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਬੱਚਿਆਂ, ਪਾਲਤੂ ਜਾਨਵਰਾਂ ਅਤੇ ਗਰਮੀ ਨਾਲ ਜਲਦੀ ਪ੍ਰਭਾਵਿਤ ਹੋਣ ਵਾਲੇ ਲੋਕਾਂ ’ਤੇ ਖ਼ਾਸ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ। ਬਹੁਤ ਜ਼ਿਆਦਾ ਸਰੀਰਕ ਗਰਮੀ, ਉਲਝਣ ਅਤੇ ਬੇਹੋਸ਼ੀ ਵਰਗੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।

ਲੇਥਬ੍ਰਿਜ ਨੂੰ ਫਿਲਹਾਲ ਹੀਟ ਵਾਰਨਿੰਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪਰ ਇੱਥੇ ਵੀ ਸ਼ੁੱਕਰਵਾਰ ਨੂੰ ਤਾਪਮਾਨ ਮੱਧ 30 ਡਿਗਰੀ ਅਤੇ ਸ਼ਨੀਵਾਰ ਨੂੰ ਕਰੀਬ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਨੂੰ ਤਾਪਮਾਨ ਮੁੜ ਮੱਧ 20 ਡਿਗਰੀ ਤੱਕ ਆ ਸਕਦਾ ਹੈ।ਇਸ ਦੇ ਨਾਲ ਹੀ ਦੱਖਣੀ ਅਤੇ ਕੇਂਦਰੀ ਅਲਬਰਟਾ ਵਿੱਚ ਜੰਗਲੀ ਅੱਗ ਦੇ ਧੂੰਏਂ ਦੀ ਮਾਤਰਾ ਸ਼ੁੱਕਰਵਾਰ ਨੂੰ ਵਧਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਹਵਾ ਦੀ ਗੁਣਵੱਤਾ ਸੂਚਕ ਅਨੁਸਾਰ ਖ਼ਤਰਾ ‘ਘੱਟ’ ਸੀ, ਪਰ ਸ਼ੁੱਕਰਵਾਰ ਨੂੰ ਇਹ ‘ਦਰਮਿਆਨਾ’ ਹੋ ਸਕਦਾ ਹੈ।ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਦੇ ਮੱਧ ਵਿੱਚ ਵੀ ਤਾਪਮਾਨ ਮੁੜ ਵਧਣ ਦੀ ਸੰਭਾਵਨਾ ਹੈ। ਕੈਲਗਰੀ ਵਿੱਚ ਇਹ ਮੱਧ 20 ਡਿਗਰੀ ਅਤੇ ਮੈਡੀਸਨ ਹੈਟ ਤੇ ਲੇਥਬ੍ਰਿਜ ਵਿੱਚ ਲਗਭਗ 30 ਡਿਗਰੀ ਤੱਕ ਪਹੁੰਚ ਸਕਦਾ ਹੈ।