ਉੱਤਰੀ ਅਲਬਰਟਾ ਵਿੱਚ ਹੋਣਗੀਆਂ 2028 ਅਲਬਰਟਾ ਸਮਰ ਗੇਮਜ਼

ਉੱਤਰੀ ਅਲਬਰਟਾ ਵਿੱਚ ਹੋਣਗੀਆਂ 2028 ਅਲਬਰਟਾ ਸਮਰ ਗੇਮਜ਼

ਅਲਬਰਟਾ-ਫੋਰਟ ਮੈਕਮਰੇ ਵੁੱਡ ਬਫੇਲੋ ਨੂੰ 2028 ਅਲਬਰਟਾ ਸਮਰ ਗੇਮਜ਼ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਸ ਨਾਲ ਉੱਤਰੀ ਅਲਬਰਟਾ ਇੱਕ ਵਾਰ ਫਿਰ ਸੂਬੇ ਦੇ ਸਭ ਤੋਂ ਵੱਡੇ ਬਹੁ-ਖੇਡ ਸਮਾਗਮ ਦਾ ਕੇਂਦਰ ਬਣੇਗਾ। ਇਸ ਸਮਾਗਮ ਦੌਰਾਨ ਸੂਬੇ ਭਰ ਤੋਂ ਖਿਡਾਰੀ, ਕੋਚ ਅਤੇ ਦਰਸ਼ਕ ਫੋਰਟ ਮੈਕਮਰੇ ਵੁੱਡ ਬਫੇਲੋ ਪਹੁੰਚਣਗੇ।1974 ਤੋਂ ਅਲਬਰਟਾ ਗੇਮਜ਼ 11 ਤੋਂ 16 ਸਾਲ ਦੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਲਈ ਇੱਕ ਮਹੱਤਵਪੂਰਨ ਮੰਚ ਰਹੀਆਂ ਹਨ, ਜਿੱਥੇ ਉਹ ਸੂਬੇ ਦੀਆਂ ਸਰਵੋਤਮ ਟੀਮਾਂ ਅਤੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਹਨ। 2028 ਵਿੱਚ ਇਹ ਖੇਡਾਂ ਮੁੜ ਉੱਤਰੀ ਅਲਬਰਟਾ ਵਿੱਚ ਹੋਣ ਜਾ ਰਹੀਆਂ ਹਨ।

ਅਲਬਰਟਾ ਸਰਕਾਰ ਵੱਲੋਂ ਗੇਮਜ਼ ਦੀ ਯੋਜਨਾ ਅਤੇ ਪ੍ਰਬੰਧ ਲਈ ਹੋਸਟ ਸੋਸਾਇਟੀ ਨੂੰ 11 ਲੱਖ 50 ਹਜ਼ਾਰ ਡਾਲਰ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਇਹ ਰਕਮ ਸਟਾਫ, ਆਵਾਜਾਈ, ਪ੍ਰਚਾਰ ਅਤੇ ਸਮਾਗਮ ਦੇ ਪ੍ਰਬੰਧ ਵਰਗੇ ਮੁੱਖ ਖਰਚਿਆਂ ਲਈ ਵਰਤੀ ਜਾਵੇਗੀ, ਤਾਂ ਜੋ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਉੱਚ ਪੱਧਰੀ ਖੇਡਾਂ ਦਾ ਅਨੁਭਵ ਮਿਲ ਸਕੇ।

ਟੂਰਿਜ਼ਮ ਅਤੇ ਖੇਡ ਮੰਤਰੀ ਐਂਡਰੂ ਬੋਇਚੈਂਕੋ ਨੇ ਕਿਹਾ ਕਿ ਅਲਬਰਟਾ ਗੇਮਜ਼ ਨੌਜਵਾਨ ਖਿਡਾਰੀਆਂ ਲਈ ਇੱਕ ਮਹੱਤਵਪੂਰਨ ਮੁਕਾਬਲਾ ਹੈ, ਜਿੱਥੇ ਉਹ ਸੂਬਾਈ ਪੱਧਰ ’ਤੇ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ 2028 ਵਿੱਚ ਫੋਰਟ ਮੈਕਮਰੇ ਵੁੱਡ ਬਫੇਲੋ ਵਿੱਚ ਆਉਣ ਵਾਲੀ ਉਤਸ਼ਾਹ ਅਤੇ ਰੌਣਕ ਦਾ ਸਵਾਗਤ ਕਰਨ ਲਈ ਸਰਕਾਰ ਉਤਸੁਕ ਹੈ।

43 ਸਾਲਾਂ ਬਾਅਦ ਫੋਰਟ ਮੈਕਮਰੇ ਵੁੱਡ ਬਫੇਲੋ ਮੁੜ ਅਲਬਰਟਾ ਸਮਰ ਗੇਮਜ਼ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਇਹ ਖੇਤਰ 1992 ਅਤੇ 2018 ਅਲਬਰਟਾ ਵਿੰਟਰ ਗੇਮਜ਼ ਦੀ ਵੀ ਮੇਜ਼ਬਾਨੀ ਕਰ ਚੁੱਕਾ ਹੈ। ਉਮੀਦ ਹੈ ਕਿ 2028 ਦੀਆਂ ਖੇਡਾਂ ਵਿੱਚ ਕਰੀਬ 2,600 ਖਿਡਾਰੀ ਅਤੇ ਹੋਰ ਭਾਗੀਦਾਰ ਸ਼ਾਮਲ ਹੋਣਗੇ, ਜਿਸ ਨਾਲ ਸਥਾਨਕ ਕਾਰੋਬਾਰਾਂ ਅਤੇ ਟੂਰਿਜ਼ਮ ਖੇਤਰ ਨੂੰ ਵੱਡਾ ਆਰਥਿਕ ਲਾਭ ਮਿਲੇਗਾ।

ਖਿਡਾਰੀ ਬੇਸਬਾਲ, ਰਗਬੀ, ਤੈਰਾਕੀ, ਮਾਊਂਟੇਨ ਬਾਈਕਿੰਗ ਅਤੇ ਬੀਚ ਵਾਲੀਬਾਲ ਸਮੇਤ ਕਈ ਖੇਡਾਂ ਵਿੱਚ ਹਿੱਸਾ ਲੈਣਗੇ। ਇਹ ਖਿਡਾਰੀ ਸੂਬੇ ਭਰ ਵਿੱਚ ਹੋਣ ਵਾਲੀਆਂ ਜੋਨਲ ਮੁਕਾਬਲਿਆਂ ਰਾਹੀਂ ਚੁਣੇ ਜਾਣਗੇ।

ਫੋਰਟ ਮੈਕਮਰੇ-ਲੈਕ ਲਾ ਬੀਸ਼ ਦੇ ਵਿਧਾਇਕ ਬਰਾਇਨ ਜੀਨ ਨੇ ਕਿਹਾ ਕਿ ਅਲਬਰਟਾ ਸਮਰ ਗੇਮਜ਼ ਨਾਲ 2,600 ਤੋਂ ਵੱਧ ਖਿਡਾਰੀ, ਕੋਚ, ਸਹਾਇਕ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੇਤਰ ਵਿੱਚ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਖੇਤਰ ਦੀਆਂ ਆਧੁਨਿਕ ਸਹੂਲਤਾਂ ਅਤੇ ਟੂਰਿਜ਼ਮ ਸੰਭਾਵਨਾਵਾਂ ਨੂੰ ਸੂਬੇ ਭਰ ਵਿੱਚ ਉਭਾਰੇਗਾ।ਫੋਰਟ ਮੈਕਮਰੇ-ਵੁੱਡ ਬਫੇਲੋ ਦੇ ਵਿਧਾਇਕ ਟੈਨੀ ਯਾਓ ਨੇ ਇਸਨੂੰ ਖੇਤਰ ਲਈ ਵੱਡੀ ਖੁਸ਼ਖਬਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਖੇਤਰ ਦੀ ਖੇਡਾਂ ਪ੍ਰਤੀ ਲਗਨ ਅਤੇ ਉੱਤਰੀ ਮਹਿਮਾਨਨਵਾਜ਼ੀ ਨੂੰ ਦਰਸਾਉਣ ਦਾ ਵਧੀਆ ਮੌਕਾ ਹੋਵੇਗਾ।

2028 ਅਲਬਰਟਾ ਸਮਰ ਗੇਮਜ਼ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਤਰੀਕਾਂ, ਮੈਦਾਨਾਂ ਅਤੇ ਵਲੰਟੀਅਰ ਮੌਕਿਆਂ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਜਾਰੀ ਕੀਤੀ ਜਾਵੇਗੀ।ਵੁੱਡ ਬਫੇਲੋ ਖੇਤਰੀ ਨਗਰਪਾਲਿਕਾ ਦੇ ਮੇਅਰ ਸੈਂਡੀ ਬੋਮੈਨ ਨੇ ਕਿਹਾ ਕਿ ਇਹ ਖੇਤਰ ਵੱਡੇ ਸਮਾਗਮਾਂ ਦੀ ਸਫਲ ਮੇਜ਼ਬਾਨੀ ਲਈ ਪਹਿਲਾਂ ਤੋਂ ਜਾਣਿਆ ਜਾਂਦਾ ਹੈ ਅਤੇ 2028 ਵਿੱਚ ਵੀ ਖਿਡਾਰੀਆਂ ਅਤੇ ਦਰਸ਼ਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਟੂਰਿਜ਼ਮ ਅਤੇ ਖੇਡ ਮੰਤਰਾਲੇ ਦਾ ਭਰੋਸਾ ਕਰਨ ਲਈ ਧੰਨਵਾਦ ਕੀਤਾ।