ਨੌਜਵਾਨਾਂ ਨੂੰ ਹੁਨਰਮੰਦ ਕਾਰੀਗਰੀ ਵੱਲ ਪ੍ਰੇਰਿਤ ਕਰਨ ਲਈ ਅਲਬਰਟਾ ਸਰਕਾਰ ਦਾ ਵੱਡਾ ਕਦਮ
ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਹੁਨਰਮੰਦ ਕਾਰੀਗਰੀ ਖੇਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਲਈ ਇੱਕ ਹੋਰ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਟੈਲਸ ਸਪਾਰਕ ਸਾਇੰਸ ਸੈਂਟਰ ਦੇ “ਬਲੂਪ੍ਰਿੰਟ” ਪ੍ਰੋਗਰਾਮ ਲਈ 2027 ਤੱਕ ਵਾਧੂ 3 ਲੱਖ ਡਾਲਰ ਦੀ ਰਕਮ ਮਨਜ਼ੂਰ ਕੀਤੀ ਹੈ, ਜਿਸ ਨਾਲ ਹੋਰ ਨੌਜਵਾਨਾਂ ਨੂੰ ਹੱਥੀਂ ਸਿੱਖਣ ਦੇ ਤਜਰਬੇ ਰਾਹੀਂ ਕਾਰੀਗਰੀ ਪੇਸ਼ਿਆਂ ਨਾਲ ਜੋੜਿਆ ਜਾਵੇਗਾ।ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਹੁਨਰਮੰਦ ਮਜ਼ਦੂਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਕਈ ਤਜਰਬੇਕਾਰ ਕਰਮਚਾਰੀ ਰਿਟਾਇਰਮੈਂਟ ਵੱਲ ਵਧ ਰਹੇ ਹਨ। ਇਸ ਸਥਿਤੀ ਵਿੱਚ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਕਾਰੀਗਰੀ ਪੇਸ਼ਿਆਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।
ਅਡਵਾਂਸਡ ਐਜੂਕੇਸ਼ਨ ਮੰਤਰੀ ਮਾਈਲਜ਼ ਮੈਕਡੂਗਲ ਨੇ ਕਿਹਾ ਕਿ ਅਲਬਰਟਾ ਦੀ ਮਜ਼ਬੂਤ ਅਰਥਵਿਵਸਥਾ ਹੁਨਰਮੰਦ ਕਾਰੀਗਰਾਂ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਘਰਾਂ ਦੀ ਉਸਾਰੀ ਤੋਂ ਲੈ ਕੇ ਬੁਨਿਆਦੀ ਢਾਂਚੇ ਦੇ ਵਿਕਾਸ ਤੱਕ ਹਰ ਖੇਤਰ ਵਿੱਚ ਕਾਰੀਗਰੀ ਪੇਸ਼ਿਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਦੇ ਅਨੁਸਾਰ ਨੌਜਵਾਨਾਂ ਨੂੰ ਇਹ ਸਮਝਾਉਣਾ ਲਾਜ਼ਮੀ ਹੈ ਕਿ ਇਹ ਖੇਤਰ ਇੱਜ਼ਤਦਾਰ ਅਤੇ ਚੰਗੀ ਆਮਦਨ ਵਾਲੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ।ਇਹ ਨਵਾਂ ਨਿਵੇਸ਼ 2024 ਵਿੱਚ ਕੀਤੀ ਗਈ 8 ਲੱਖ 80 ਹਜ਼ਾਰ ਡਾਲਰ ਤੋਂ ਵੱਧ ਦੀ ਮਦਦ ਤੋਂ ਇਲਾਵਾ ਹੈ, ਜਿਸ ਨਾਲ ਬਲੂਪ੍ਰਿੰਟ ਦੇ ਪਹਿਲੇ ਦੋ ਪੜਾਅ ਸ਼ੁਰੂ ਕੀਤੇ ਗਏ ਸਨ। ਇਸ ਅਧੀਨ ਬਾਹਰੀ ਕਾਰੀਗਰੀ ਗਤੀਵਿਧੀਆਂ, ਵਰਚੁਅਲ ਰਿਐਲਟੀ ਸਿਮੂਲੇਟਰ ਅਤੇ ਹੱਥੀਂ ਸਿੱਖਣ ਵਾਲੀਆਂ ਪ੍ਰਦਰਸ਼ਨੀਆਂ ਸ਼ਾਮਲ ਹਨ।
ਰੋਜ਼ਗਾਰ, ਅਰਥਚਾਰਾ, ਵਪਾਰ ਅਤੇ ਇਮੀਗ੍ਰੇਸ਼ਨ ਮੰਤਰੀ ਜੋਸਫ ਸ਼ੋ ਨੇ ਕਿਹਾ ਕਿ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਤੇਜ਼ੀ ਨਾਲ ਵਿਕਸਤ ਹੋ ਰਹੇ ਉਦਯੋਗਾਂ ਨੂੰ ਮਾਹਿਰ ਕਰਮਚਾਰੀਆਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਲੂਪ੍ਰਿੰਟ ਵਰਗੇ ਪ੍ਰੋਗਰਾਮ ਨੌਜਵਾਨਾਂ ਨੂੰ ਕਾਰੀਗਰੀ ਖੇਤਰ ਵਿੱਚ ਭਵਿੱਖ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ।ਟੈਲਸ ਸਪਾਰਕ ਸਾਇੰਸ ਸੈਂਟਰ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਾਇ ਲਾਬੀਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਵੀਆਂ ਸੋਚਾਂ ਅਤੇ ਭਵਿੱਖ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੰਸਥਾ ਦੀ ਖਾਸੀਅਤ ਹੈ। ਉਨ੍ਹਾਂ ਮੁਤਾਬਕ ਇਸ ਪ੍ਰੋਗਰਾਮ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਾਰੀਗਰੀ ਖੇਤਰ ਨਾਲ ਜੁੜੀਆਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਕਲਾ ਅਤੇ ਗਣਿਤ ਦੀਆਂ ਵਿਧੀਆਂ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਲੂਪ੍ਰਿੰਟ, ਟੈਲਸ ਸਪਾਰਕ ਅਤੇ ਕੈਲਗਰੀ ਕਨਸਟਰਕਸ਼ਨ ਐਸੋਸੀਏਸ਼ਨ ਦੀ ਸਾਂਝੀ ਪਹਿਲ ਹੈ, ਜਿਸ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਾਰੀਗਰੀ ਪੇਸ਼ਿਆਂ ਬਾਰੇ ਜਾਣਕਾਰੀ ਅਤੇ ਪ੍ਰਯੋਗਾਤਮਕ ਸਿੱਖਿਆ ਦਿੱਤੀ ਜਾਂਦੀ ਹੈ।ਜੂਨ 2024 ਵਿੱਚ ਇਸ ਪ੍ਰੋਗਰਾਮ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਤਰਖਾਣੀ ਸਿਖਲਾਈ ਕੋਨਾ, ਛੋਟੇ ਬੱਚਿਆਂ ਲਈ ਖੇਤਰ ਅਤੇ ਕਾਰੀਗਰਾਂ ਵੱਲੋਂ ਚਲਾਏ ਗਏ “ਮੇਕਰ ਮੰਡੇ” ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਦੂਜੇ ਪੜਾਅ ਦੀ ਉਸਾਰੀ ਦਸੰਬਰ 2024 ਵਿੱਚ ਸ਼ੁਰੂ ਹੋਈ ਅਤੇ ਆਖਰੀ “ਨਿਊ ਬਿਲਡਰ” ਪ੍ਰਦਰਸ਼ਨੀ ਜੂਨ 2025 ਵਿੱਚ ਖੋਲ੍ਹੀ ਗਈ।ਹੁਣ ਤੱਕ ਬਲੂਪ੍ਰਿੰਟ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 40 ਹਜ਼ਾਰ ਤੋਂ ਵੱਧ ਵਿਦਿਆਰਥੀ ਵੀ ਸ਼ਾਮਲ ਹਨ।
ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅਨੁਸਾਰ ਦਹਾਕੇ ਦੇ ਅੰਤ ਤੱਕ ਕੈਨੇਡਾ ਦੇ ਲਗਭਗ 40 ਲੱਖ ਹੁਨਰਮੰਦ ਕਾਰੀਗਰਾਂ ਵਿੱਚੋਂ ਕਰੀਬ 7 ਲੱਖ ਕਰਮਚਾਰੀ ਰਿਟਾਇਰ ਹੋ ਜਾਣਗੇ, ਜਿਸ ਕਾਰਨ ਭਵਿੱਖ ਵਿੱਚ ਮਾਹਿਰ ਕਾਰੀਗਰਾਂ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ।
















