ਐਡਮੰਟਨ ਸਿਟੀ ਸੈਂਟਰ ਮਾਲ ਦਾ ਹੋਵੇਗਾ ਵੱਡਾ ਕਾਇਆ-ਕਲਪ, ਨਵੇਂ ਮਾਲਕ ਨੇ ਬਣਾਈ ਵਿਸ਼ਾਲ ਮੁੜ-ਵਿਕਾਸ ਯੋਜਨਾ
ਐਡਮੰਟਨ-ਡਾਊਨਟਾਊਨ ਐਡਮੰਟਨ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਜੂਝ ਰਹੇ ਸਿਟੀ ਸੈਂਟਰ ਮਾਲ ਦਾ ਹੁਣ ਵੱਡੇ ਪੱਧਰ ’ਤੇ ਕਾਇਆ-ਕਲਪ ਹੋਣ ਜਾ ਰਿਹਾ ਹੈ। ਨਵੇਂ ਮਾਲਕ ਵੈਸਟ੍ਰਿਚ ਪੈਸਿਫਿਕ ਨੇ ਮਾਲ ਨੂੰ ਮੁੜ ਵਿਕਸਤ ਕਰਨ ਲਈ ਬਹੁ-ਪੜਾਅ ਵਾਲੀ ਵਿਸ਼ਾਲ ਯੋਜਨਾ ਤਿਆਰ ਕੀਤੀ ਹੈ।ਐਡਮੰਟਨ ਆਧਾਰਿਤ ਰੀਅਲ ਅਸਟੇਟ ਡਿਵੈਲਪਰ ਵੈਸਟ੍ਰਿਚ ਪੈਸਿਫਿਕ ਨੇ ਦੱਸਿਆ ਕਿ ਅਲਬਰਟਾ ਕੋਰਟ ਆਫ਼ ਕਿੰਗਜ਼ ਬੈਂਚ ਨੇ 7 ਅਗਸਤ ਨੂੰ ਓਟੇਰਾ ਕੈਪੀਟਲ ਇੰਕ. ਤੋਂ ਐਡਮੰਟਨ ਸਿਟੀ ਸੈਂਟਰ ਖਰੀਦਣ ਦੀ ਉਸ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
102 ਐਵੇਨਿਊ ’ਤੇ ਸਥਿਤ ਇਹ ਜਾਇਦਾਦ ਡਾਊਨਟਾਊਨ ਦੇ ਕਰੀਬ 10 ਏਕੜ ਖੇਤਰ ਵਿੱਚ ਫੈਲੀ ਹੋਈ ਹੈ ਅਤੇ 100 ਸਟ੍ਰੀਟ ਤੋਂ 103 ਸਟ੍ਰੀਟ ਤੱਕ ਜਾਂਦੀ ਹੈ।ਇਸ ਵਿੱਚ ਟੀਡੀ ਟਾਵਰ, ਆਕਸਫੋਰਡ ਟਾਵਰ ਅਤੇ ਸੈਂਟਰ ਪੁਆਇੰਟ ਪਲੇਸ ਸਮੇਤ ਦਫ਼ਤਰੀ ਇਮਾਰਤਾਂ ਅਤੇ ਮਾਲ ਦੇ ਪੂਰਬੀ ਤੇ ਪੱਛਮੀ ਹਿੱਸੇ ਸ਼ਾਮਲ ਹਨ। ਪੂਰੇ ਕੰਪਲੈਕਸ ਵਿੱਚ ਲਗਭਗ 14 ਲੱਖ ਵਰਗ ਫੁੱਟ ਜਗ੍ਹਾ ਹੈ। ਇੱਥੇ ਚਾਰ ਪਾਰਕਿੰਗ ਖੇਤਰ ਹਨ, ਜਿਨ੍ਹਾਂ ਵਿੱਚ ਕੁੱਲ ਲਗਭਗ 2,500 ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਹੈ।
ਵੈਸਟ੍ਰਿਚ ਪੈਸਿਫਿਕ ਦੇ ਸਹਿ-ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਸੈਂਚੇ ਨੇ ਇਸ ਪ੍ਰਾਜੈਕਟ ਨੂੰ ਆਪਣੇ ਕਰੀਅਰ ਦਾ ਸਭ ਤੋਂ ਦਿਲਚਸਪ ਪ੍ਰਾਜੈਕਟ ਦੱਸਿਆ। ਉਨ੍ਹਾਂ ਕਿਹਾ ਕਿ ਐਡਮੰਟਨ ਸਿਟੀ ਸੈਂਟਰ ਵਿੱਚ ਬੇਹੱਦ ਸੰਭਾਵਨਾਵਾਂ ਹਨ ਅਤੇ ਇਸ ਦਾ ਕਾਇਆ-ਕਲਪ ਡਾਊਨਟਾਊਨ ਐਡਮੰਟਨ ਨੂੰ ਮੁੜ ਜੀਵੰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਕੰਪਨੀ ਦੀ ਯੋਜਨਾ ਮੁਤਾਬਕ ਮਾਲ ਦਾ ਕਈ ਪੜਾਵਾਂ ਵਿੱਚ ਮੁੜ ਵਿਕਾਸ ਕੀਤਾ ਜਾਵੇਗਾ। ਇਸ ਤਹਿਤ ਨਵੇਂ ਰਿਹਾਇਸ਼ੀ, ਰਿਟੇਲ, ਮਨੋਰੰਜਨ ਅਤੇ ਵੈਲਨੈੱਸ ਕੇਂਦਰ ਵਿਕਸਤ ਕੀਤੇ ਜਾਣਗੇ ਅਤੇ ਮਾਲ ਨੂੰ ਆਲੇ-ਦੁਆਲੇ ਦੇ ਡਾਊਨਟਾਊਨ ਖੇਤਰ ਨਾਲ ਹੋਰ ਬਿਹਤਰ ਢੰਗ ਨਾਲ ਜੋੜਿਆ ਜਾਵੇਗਾ।
ਪਹਿਲੇ ਪੜਾਅ ਵਿੱਚ ਮਾਲ ਦੇ ਪੱਛਮੀ ਪਾਸੇ, ਜਿੱਥੇ ਪਹਿਲਾਂ ਹਡਸਨਜ਼ ਬੇਅ ਦਾ ਡਿਪਾਰਟਮੈਂਟ ਸਟੋਰ ਹੁੰਦਾ ਸੀ ਅਤੇ ਹੁਣ ਬੰਦ ਹੈ, ਲਗਭਗ 1,500 ਰਿਹਾਇਸ਼ੀ ਯੂਨਿਟ ਬਣਾਉਣ ਦੀ ਯੋਜਨਾ ਹੈ।ਇਸ ਤੋਂ ਇਲਾਵਾ ਮਾਲ ਦੀ ਬਾਹਰੀ ਦਿੱਖ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦੇਣ, ਸੜਕ ਨਾਲ ਜੁੜੇ ਨਵੇਂ ਰਿਟੇਲ ਸਟੋਰ ਬਣਾਉਣ ਅਤੇ ਇਮਾਰਤ ਦੀ ਛੱਤ ’ਤੇ ਨੌਰਡਿਕ ਸਪਾ ਤਿਆਰ ਕਰਨ ਦੀ ਯੋਜਨਾ ਵੀ ਹੈ।ਵੈਸਟ੍ਰਿਚ ਪੈਸਿਫਿਕ ਦੇ ਦੂਜੇ ਸਹਿ-ਮੁੱਖ ਕਾਰਜਕਾਰੀ ਅਧਿਕਾਰੀ ਰਿਚੀ ਲੈਮ ਨੇ ਕਿਹਾ ਕਿ ਕੰਪਨੀ ਇਸ ਪ੍ਰਾਜੈਕਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਅਤੇ ਮਾਲ ਨੂੰ ਮੁੜ ਜੀਵੰਤ ਕਰਨ ਲਈ ਕੰਮ ਕਰੇਗੀ।ਭਵਿੱਖ ਦੇ ਪੜਾਵਾਂ ਵਿੱਚ ਮਾਲ ਦੀ ਬਾਹਰੀ ਸੁੰਦਰਤਾ ਵਿੱਚ ਵੱਡੇ ਬਦਲਾਅ, ਐਲਈਡੀ ਡਿਸਪਲੇਅ, ਹੋਰ ਨਵੇਂ ਰਿਟੇਲ ਵਿਕਲਪ ਅਤੇ ਮਨੋਰੰਜਨ, ਵੈਲਨੈੱਸ ਅਤੇ ਲੋਕਾਂ ਨੂੰ ਨਵਾਂ ਤਜਰਬਾ ਦੇਣ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
















