ਉੱਚੇ ਇੰਧਨ ਭਾਅ ਵਿਚਕਾਰ ਅਲਬਰਟਾ ਨੇ ਗੈਸ ਟੈਕਸ ਘਟਾਉਣ ਤੋਂ ਕੀਤਾ ਇਨਕਾਰ

ਉੱਚੇ ਇੰਧਨ ਭਾਅ ਵਿਚਕਾਰ ਅਲਬਰਟਾ ਨੇ ਗੈਸ ਟੈਕਸ ਘਟਾਉਣ ਤੋਂ ਕੀਤਾ ਇਨਕਾਰ

ਐਡਮੰਟਨ-Alberta ਦੀ ਸਰਕਾਰ ਨੇ ਕੇਂਦਰ ਵੱਲੋਂ ਫਿਊਲ ਟੈਕਸ ਵਿੱਚ ਅਸਥਾਈ ਛੂਟ ਦੇ ਐਲਾਨ ਦੇ ਬਾਵਜੂਦ ਆਪਣੇ ਸੂਬਾਈ ਗੈਸ ਟੈਕਸ ਨੂੰ ਤੁਰੰਤ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ।

Mark Carney ਵੱਲੋਂ ਕੈਨੇਡੀਅਨ ਲੋਕਾਂ ਨੂੰ ਮਹਿੰਗੇ ਇੰਧਨ ਤੋਂ ਰਾਹਤ ਦੇਣ ਲਈ ਫੈਡਰਲ ਟੈਕਸ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ, ਪਰ ਸੂਬਾਈ ਵਿੱਤ ਮੰਤਰੀ ਨੇਟ ਹੋਰਨਰ ਨੇ ਸਪਸ਼ਟ ਕੀਤਾ ਕਿ ਅਲਬਰਟਾ ਆਪਣੀ ਮੌਜੂਦਾ ਨੀਤੀ ‘ਤੇ ਕਾਇਮ ਰਹੇਗਾ, ਘੱਟੋ-ਘੱਟ ਜੁਲਾਈ ਤੱਕ।

ਹੋਰਨਰ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਬਹੁਤ ਅਸਥਿਰ ਹੁੰਦੀਆਂ ਹਨ ਅਤੇ ਸੂਬਾ ਆਪਣੇ ਮੌਜੂਦਾ ਪ੍ਰੋਗਰਾਮ ਅਨੁਸਾਰ ਹੀ ਰਾਹਤ ਦੇਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਲਬਰਟਾ ਵਿੱਚ ਸੂਬਾਈ ਸੇਲਜ਼ ਟੈਕਸ ਨਹੀਂ ਹੈ, ਜੋ ਆਪਣੇ ਆਪ ਵਿੱਚ ਲੋਕਾਂ ਲਈ ਵੱਡੀ ਰਾਹਤ ਹੈ।ਸਰਕਾਰ ਦੇ ਮੌਜੂਦਾ ਪ੍ਰੋਗਰਾਮ ਮੁਤਾਬਕ, ਜੇ ਵੈਸਟ ਟੈਕਸਾਸ ਇੰਟਰਮੀਡੀਏਟ (WTI) ਦੀ ਕੀਮਤ ਮਈ ਅਤੇ ਜੂਨ ਦੇ ਕੁਝ ਸਮੇਂ ਦੌਰਾਨ 90 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿੰਦੀ ਹੈ, ਤਾਂ 13 ਸੈਂਟ ਪ੍ਰਤੀ ਲੀਟਰ ਦਾ ਟੈਕਸ ਹਟਾਇਆ ਜਾ ਸਕਦਾ ਹੈ।

ਇਸ ਮਾਮਲੇ ‘ਤੇ ਵਿਰੋਧੀ ਧਿਰ ਦੇ ਨੇਤਾ ਨਹੀਦ ਨੈਨਸ਼ੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਧੇ ਹੋਏ ਤੇਲ ਆਮਦਨ ਨੂੰ ਸੰਭਾਲ ਕੇ ਬੈਠੀ ਹੈ ਬਜਾਏ ਲੋਕਾਂ ਨੂੰ ਰਾਹਤ ਦੇਣ ਦੇ।ਨੈਨਸ਼ੀ ਨੇ ਕਿਹਾ ਕਿ ਇੱਕ ਮਹੀਨੇ ਵਿੱਚ ਗੈਸ ਦੀ ਕੀਮਤ 40 ਸੈਂਟ ਪ੍ਰਤੀ ਲੀਟਰ ਵਧ ਗਈ ਹੈ, ਜੋ ਆਮ ਗੱਲ ਨਹੀਂ ਹੈ ਅਤੇ ਇਸ ਹਾਲਤ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।

ਦੂਜੇ ਪਾਸੇ, ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਸਰਕਾਰ ਦੇ ਹੋਰ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮਦਨੀ ਕਰ ਵਿੱਚ ਕਟੌਤੀ ਨਾਲ ਦੋ ਕਮਾਉਂਦੇ ਮੈਂਬਰਾਂ ਵਾਲੇ ਘਰਾਂ ਨੂੰ ਸਾਲਾਨਾ ਲਗਭਗ 1500 ਡਾਲਰ ਦੀ ਬਚਤ ਹੋ ਰਹੀ ਹੈ, ਜੋ ਗੈਸ ਟੈਕਸ ਵਿੱਚ ਕਟੌਤੀ ਨਾਲੋਂ ਕਾਫੀ ਵੱਧ ਹੈ।ਉਨ੍ਹਾਂ ਕਿਹਾ ਕਿ ਜੇ ਸੂਬੇ ਨੂੰ ਵਾਧੂ ਆਮਦਨ ਮਿਲਦੀ ਹੈ, ਤਾਂ ਇਸਦਾ ਕੁਝ ਹਿੱਸਾ ਟੈਕਸਦਾਤਾਵਾਂ ਨੂੰ ਵਾਪਸ ਦਿੱਤਾ ਜਾਵੇਗਾ।

ਇਸ ਦੌਰਾਨ, ਕੇਂਦਰ ਸਰਕਾਰ ਵੱਲੋਂ ਫਿਊਲ ਐਕਸਾਈਜ਼ ਟੈਕਸ ਵਿੱਚ ਛੂਟ ਸੋਮਵਾਰ ਤੋਂ ਲਾਗੂ ਹੋਵੇਗੀ, ਜਿਸ ਨਾਲ ਆਮ ਪੈਟਰੋਲ ‘ਤੇ ਲਗਭਗ 10 ਸੈਂਟ ਅਤੇ ਡੀਜ਼ਲ ‘ਤੇ 4 ਸੈਂਟ ਪ੍ਰਤੀ ਲੀਟਰ ਦੀ ਬਚਤ ਹੋਵੇਗੀ। ਇਹ ਛੂਟ Labour Day ਤੱਕ ਜਾਰੀ ਰਹੇਗੀ।ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਭਰ ਵਿੱਚ ਪੈਟਰੋਲ ਦੀ ਔਸਤ ਕੀਮਤ 1.73 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜੋ ਪਿਛਲੇ ਸਾਲ ਨਾਲੋਂ 40 ਸੈਂਟ ਵੱਧ ਹੈ।