ਅਲਬਰਟਾ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਸੂਬਾ ਪੱਧਰੀ ਕਾਰਵਾਈ ਤੇਜ਼

ਅਲਬਰਟਾ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਸੂਬਾ ਪੱਧਰੀ ਕਾਰਵਾਈ ਤੇਜ਼

ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਸੰਗਠਿਤ ਅਪਰਾਧ, ਜਬਰਦਸਤੀ ਵਸੂਲੀ (ਐਕਸਟੋਰਸ਼ਨ) ਅਤੇ ਗੈਂਗ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਲਈ ਲਗਭਗ 8 ਮਿਲੀਅਨ ਡਾਲਰ ਦੀ ਰਕਮ ਜਾਰੀ ਕੀਤੀ ਗਈ ਹੈ। ਇਸ ਨਿਵੇਸ਼ ਦਾ ਉਦੇਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਆਧੁਨਿਕ ਸੰਦ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਅਪਰਾਧਿਕ ਗਿਰੋਹਾਂ ਨੂੰ ਬੇਨਕਾਬ ਕਰਕੇ ਉਨ੍ਹਾਂ ਦੇ ਜਾਲ ਨੂੰ ਤੋੜਿਆ ਜਾ ਸਕੇ।ਸਰਕਾਰ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਵੱਡਾ ਖ਼ਤਰਾ ਬਣ ਚੁੱਕਾ ਹੈ। ਧਮਕੀਆਂ, ਹਿੰਸਾ, ਡਰਾਉਣ-ਧਮਕਾਉਣ ਅਤੇ ਗੈਂਗ ਸਰਗਰਮੀਆਂ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਇਸ ਫੰਡਿੰਗ ਨਾਲ ਸ਼ਹਿਰੀ, ਪਿੰਡਾਂ ਅਤੇ ਦੂਰ-ਦਰਾਜ਼ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।

ਅਲਬਰਟਾ ਦੇ ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਿਜ਼ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਇਹ ਨਿਵੇਸ਼ ਪੁਲਿਸ ਏਜੰਸੀਆਂ ਨੂੰ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਸੰਗਠਿਤ ਅਪਰਾਧ ਕਿਸੇ ਇੱਕ ਸ਼ਹਿਰ ਜਾਂ ਇਲਾਕੇ ਤੱਕ ਸੀਮਿਤ ਨਹੀਂ ਹੁੰਦਾ, ਇਸ ਲਈ ਸਰਕਾਰ ਵੀ ਸੂਬਾ ਪੱਧਰ ’ਤੇ ਇਕਜੁੱਟ ਹੋ ਕੇ ਕਾਰਵਾਈ ਕਰ ਰਹੀ ਹੈ।ਇਸ ਯੋਜਨਾ ਤਹਿਤ ਐਡਮੰਟਨ ਪੁਲਿਸ ਸਰਵਿਸ, ਕੈਲਗਰੀ ਪੁਲਿਸ ਸਰਵਿਸ, ਅਲਬਰਟਾ ਆਰ.ਸੀ.ਐਮ.ਪੀ. ਅਤੇ ਅਲਬਰਟਾ ਲਾ ਇਨਫੋਰਸਮੈਂਟ ਰਿਸਪਾਂਸ ਟੀਮਜ਼ (ALERT) ਨੂੰ ਇੱਕ-ਵਾਰਗੀ ਗ੍ਰਾਂਟ ਦਿੱਤੀ ਜਾਵੇਗੀ। ਇਹ ਰਕਮ ਖ਼ਾਸ ਜਾਂਚ ਟੀਮਾਂ, ਨਿਗਰਾਨੀ ਪ੍ਰਣਾਲੀਆਂ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਡਿਜ਼ਿਟਲ ਫੋਰੈਂਸਿਕ ਸਾਜ਼ੋ-ਸਾਮਾਨ ਲਈ ਵਰਤੀ ਜਾਵੇਗੀ।

ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਫੰਡਿੰਗ ਖ਼ਾਸ ਤੌਰ ’ਤੇ ਅਲਬਰਟਾ ਦੇ ਦੋ ਵੱਡੇ ਸ਼ਹਿਰਾਂ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ ਕੀਤੀ ਜਾ ਰਹੀ ਜਬਰਦਸਤੀ ਵਸੂਲੀ ਅਤੇ ਧਮਕੀਆਂ ਨੂੰ ਰੋਕਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਇਸ ਨਾਲ ਵੱਖ-ਵੱਖ ਮਿਊਂਸਪਲ, ਸੂਬਾਈ ਅਤੇ ਫੈਡਰਲ ਏਜੰਸੀਆਂ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਹੋਵੇਗਾ।ਐਡਮੰਟਨ ਪੁਲਿਸ ਸਰਵਿਸ ਦੀ ਡਿਪਟੀ ਚੀਫ਼ ਨਿਕੋਲ ਚੈਪਡਲੇਨ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਨਾਲ ਜੁੜਿਆ ਅਤੇ ਸਰਹੱਦਾਂ ਪਾਰ ਫੈਲਿਆ ਸੰਗਠਿਤ ਅਪਰਾਧ ਪੁਲਿਸ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਇਹ ਫੰਡਿੰਗ ਜਾਂਚ ਏਜੰਸੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ ਕਰੇਗੀ।ਕੈਲਗਰੀ ਪੁਲਿਸ ਸਰਵਿਸ ਦੀ ਚੀਫ਼ ਕੇਟੀ ਮੈਕਲੇਲਨ ਨੇ ਅਲਬਰਟਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਵੇਸ਼ ਅਪਰਾਧੀਆਂ ਦੀ ਪਛਾਣ ਕਰਨ, ਉਨ੍ਹਾਂ ਦੀਆਂ ਸਰਗਰਮੀਆਂ ਨੂੰ ਰੋਕਣ ਅਤੇ ਪੀੜਤਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ।ਅਲਬਰਟਾ ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਟ੍ਰੇਵਰ ਡਾਰੂਕਸ ਨੇ ਕਿਹਾ ਕਿ ਇਹ ਫੰਡਿੰਗ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਵਧਾਉਣ ਅਤੇ ਅਪਰਾਧ ਖ਼ਿਲਾਫ਼ ਹੋਰ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਲਈ ਮਦਦਗਾਰ ਹੋਵੇਗੀ।