ਅਲਬਰਟਾ ਵਿੱਚ ਸਿਹਤ ਸੰਭਾਲ ਸੰਕਟ: ਐਨਡੀਪੀ ਵੱਲੋਂ ਐਮਰਜੈਂਸੀ ਐਲਾਨ ਦੀ ਮੰਗ, ਪਟੀਸ਼ਨ ਸ਼ੁਰੂ
ਕੈਲਗਰੀ-ਅਲਬਰਟਾ ਦੇ ਨਿਊ ਡੈਮੋਕ੍ਰੇਟਸ (ਐਨਡੀਪੀ) ਨੇ ਸੂਬੇ ਵਿੱਚ ਸਿਹਤ ਸੰਭਾਲ ਦੇ ਚੱਲ ਰਹੇ ਸੰਕਟ ਨੂੰ ਲੈ ਕੇ ਐਮਰਜੈਂਸੀ ਸਥਿਤੀ ਦਾ ਐਲਾਨ ਕਰਨ ਦੀ ਮੰਗ ਕਰਦਿਆਂ ਇੱਕ ਵਿਧਾਨਕ ਪਟੀਸ਼ਨ ਸ਼ੁਰੂ ਕੀਤੀ ਹੈ। ਪਾਰਟੀ ਨੇ ਪ੍ਰੀਮੀਅਰ ਡੈਨੀਅਲ ਸਮਿਥ ਤੋਂ ਸਿੱਧੇ ਤੌਰ ’ਤੇ ਅਲਬਰਟਾ ਵਾਸੀਆਂ ਨੂੰ ਸੰਬੋਧਨ ਕਰਕੇ ਸਿਹਤ ਪ੍ਰਣਾਲੀ ਬਾਰੇ ਅਪਡੇਟ ਦੇਣ ਦੀ ਮੰਗ ਵੀ ਕੀਤੀ ਹੈ।
ਐਨਡੀਪੀ ਦਾ ਕਹਿਣਾ ਹੈ ਕਿ ਐਡਮੰਟਨ ਵਿੱਚ ਇੱਕ ਨੌਜਵਾਨ ਪਿਤਾ ਦੀ ਐਮਰਜੈਂਸੀ ਰੂਮ ਵਿੱਚ ਇਲਾਜ ਦੀ ਉਡੀਕ ਦੌਰਾਨ ਹੋਈ ਮੌਤ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰ ਵੱਲੋਂ ਹਾਲਾਤਾਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੌਰਾਨ ਡਾਕਟਰਾਂ, ਫਰੰਟਲਾਈਨ ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਨੇ ਸੂਬੇ ਭਰ ਦੇ ਐਮਰਜੈਂਸੀ ਵਿਭਾਗਾਂ ਵਿੱਚ ਅਸੁਰੱਖਿਅਤ ਹਾਲਾਤਾਂ ਅਤੇ ਭਾਰੀ ਦਬਾਅ ਬਾਰੇ ਚਿੰਤਾ ਜਤਾਈ ਹੈ। ਪਾਰਟੀ ਨੇ ਦੋਸ਼ ਲਗਾਇਆ ਕਿ ਪਿਛਲੇ ਮਹੀਨੇ ਦੌਰਾਨ ਸਿਹਤ ਮੰਤਰੀਆਂ ਵਿੱਚੋਂ ਸਿਰਫ਼ ਇੱਕ ਵੱਲੋਂ ਹੀ ਮੀਡੀਆ ਨੂੰ ਸੀਮਤ ਅਪਡੇਟ ਦਿੱਤਾ ਗਿਆ, ਜੋ ਮੌਜੂਦਾ ਸੰਕਟ ਦੀ ਗੰਭੀਰਤਾ ਨੂੰ ਦਰਸਾਉਣ ਲਈ ਨਾਕਾਫ਼ੀ ਹੈ।
ਐਨਡੀਪੀ ਨੇ ਕਿਹਾ ਕਿ ਅਲਬਰਟਾ ਵਾਸੀਆਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਸਰਕਾਰ ਨੇ ਸਿਹਤ ਸੰਭਾਲ ਸੰਕਟ ਨੂੰ ਦੂਰ ਕਰਨ ਲਈ ਹੁਣ ਤੱਕ ਕੀ ਕਦਮ ਚੁੱਕੇ ਹਨ। ਇਸੇ ਲਈ ਸਰਕਾਰ ’ਤੇ ਦਬਾਅ ਬਣਾਉਣ ਲਈ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜੋ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਨਾਹੀਦ ਨੇਨਸ਼ੀ ਨੇ ਕਿਹਾ,
“ਸਿਹਤ ਸੰਭਾਲ ਪੂਰੀ ਤਰ੍ਹਾਂ ਸੂਬਾਈ ਅਧਿਕਾਰ ਹੈ ਅਤੇ ਇਸ ਦੀ ਜ਼ਿੰਮੇਵਾਰੀ ਪ੍ਰੀਮੀਅਰ ਡੈਨੀਅਲ ਸਮਿਥ ’ਤੇ ਆਉਂਦੀ ਹੈ। ਜੇ ਮੌਜੂਦਾ ਸਰਕਾਰ ਅਲਬਰਟਾ ਵਾਸੀਆਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀ ਹੈ, ਤਾਂ ਸੂਬੇ ਨੂੰ ਇੱਕ ਨਵੀਂ ਸਰਕਾਰ ਦੀ ਲੋੜ ਹੈ। ਐਨਡੀਪੀ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਤਿਆਰ ਹੈ।”
















