ਅਲਬਰਟਾ ਵਿੱਚ ਵੋਟ ਪਾਉਣ ਲਈ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਵਾਲਾ ਕਾਨੂੰਨ ਬਸੰਤ 2027 ਵਿੱਚ ਲਿਆਉਣ ਦੀ ਤਿਆਰੀ

Alberta Premier Danielle Smith says her government will likely introduce legislation in spring 2027 requiring voters to provide proof of Canadian citizenship in provincial elections.

ਅਲਬਰਟਾ ਵਿੱਚ ਵੋਟ ਪਾਉਣ ਲਈ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਵਾਲਾ ਕਾਨੂੰਨ ਬਸੰਤ 2027 ਵਿੱਚ ਲਿਆਉਣ ਦੀ ਤਿਆਰੀ

ਅਲਬਰਟਾ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਸੂਬਾ ਸਰਕਾਰ 2027 ਦੀ ਬਸੰਤ ਰੁੱਤ ਵਿੱਚ ਅਜਿਹਾ ਕਾਨੂੰਨ ਲਿਆਉਣ ਦੀ ਸੰਭਾਵਨਾ ਹੈ, ਜਿਸ ਤਹਿਤ ਸੂਬਾਈ ਚੋਣਾਂ ਵਿੱਚ ਵੋਟ ਪਾਉਣ ਲਈ ਕੈਨੇਡੀਅਨ ਨਾਗਰਿਕਤਾ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ।

ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਮੈਂਬਰਾਂ ਨਾਲ ਆਨਲਾਈਨ ਮੀਟਿੰਗ ਦੌਰਾਨ ਸਮਿਥ ਨੇ ਲੋਕਾਂ ਨੂੰ ਆਪਣੇ ਜ਼ਰੂਰੀ ਦਸਤਾਵੇਜ਼ ਤਿਆਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਮੁਤਾਬਕ ਵੋਟ ਪਾਉਣ ਸਮੇਂ ਪਾਸਪੋਰਟ, ਜਨਮ ਸਰਟੀਫਿਕੇਟ ਜਾਂ ਨਾਗਰਿਕਤਾ ਦੇ ਨਿਸ਼ਾਨ ਵਾਲਾ ਅਪਡੇਟ ਕੀਤਾ ਡਰਾਈਵਿੰਗ ਲਾਇਸੈਂਸ ਦਿਖਾਉਣਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਅਕਤੂਬਰ 2026 ਵਿੱਚ ਹੋਏ ਜਨਮਤ ਸੰਗ੍ਰਹਿ ਦੌਰਾਨ ਲਗਭਗ 58 ਫ਼ੀਸਦੀ ਵੋਟਰਾਂ ਨੇ ਵੋਟਿੰਗ ਲਈ ਨਾਗਰਿਕਤਾ ਦਾ ਸਬੂਤ ਲਾਜ਼ਮੀ ਕਰਨ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਈ ਸੀ। ਇਸੇ ਜਨਮਤ ਸੰਗ੍ਰਹਿ ਵਿੱਚ ਲਗਭਗ ਤਿੰਨ-ਚੌਥਾਈ ਵੋਟਰਾਂ ਨੇ ਕੈਨੇਡਾ ਵਿੱਚ ਰਹਿਣ ਦੇ ਹੱਕ ਵਿੱਚ ਮਤਦਾਨ ਕੀਤਾ ਸੀ।

ਸਮਿਥ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਵੋਟਿੰਗ ਪ੍ਰਣਾਲੀ ਦੀ ਭਰੋਸੇਯੋਗਤਾ ਯਕੀਨੀ ਬਣਾਉਣਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਡਾਕ ਰਾਹੀਂ ਪਾਈਆਂ ਜਾਣ ਵਾਲੀਆਂ ਵਿਸ਼ੇਸ਼ ਵੋਟਾਂ ਦੀ ਪ੍ਰਕਿਰਿਆ ਵਿੱਚ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਅਕਤੂਬਰ ਦੇ ਜਨਮਤ ਸੰਗ੍ਰਹਿ ਦੌਰਾਨ ਪੰਜ ਲੱਖ ਤੋਂ ਵੱਧ ਲੋਕਾਂ ਨੇ ਡਾਕ ਰਾਹੀਂ ਵੋਟ ਪਾਈ ਸੀ।

ਦੂਜੇ ਪਾਸੇ, ਇਸ ਪ੍ਰਸਤਾਵ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਕਾਰਨ ਲੋਕਾਂ ਲਈ ਵੋਟ ਪਾਉਣਾ ਮੁਸ਼ਕਲ ਅਤੇ ਸਮਾਂ ਲੈਣ ਵਾਲਾ ਹੋ ਸਕਦਾ ਹੈ। ਉਨ੍ਹਾਂ ਨੇ ਵੋਟਿੰਗ ਕੇਂਦਰਾਂ 'ਤੇ ਨਸਲੀ ਅਤੇ ਭਾਈਚਾਰਕ ਪੱਖਪਾਤ ਦੀ ਸੰਭਾਵਨਾ ਬਾਰੇ ਵੀ ਚਿੰਤਾ ਪ੍ਰਗਟਾਈ ਹੈ।ਅਲਬਰਟਾ ਦੀ ਅਗਲੀ ਸੂਬਾਈ ਚੋਣ 18 ਅਕਤੂਬਰ 2027 ਨੂੰ ਹੋਣੀ ਤੈਅ ਹੈ, ਜਿਸ ਵਿੱਚ ਲਗਭਗ 30 ਲੱਖ ਲੋਕ ਵੋਟ ਪਾਉਣ ਦੇ ਯੋਗ ਹੋਣਗੇ।