ਅਲਬਰਟਾ ਵਿੱਚ ਮਜ਼ਦੂਰ ਦੀ ਮੌਤ ਮਾਮਲੇ 'ਚ ਕੋਲਾ ਖਣਨ ਕੰਪਨੀ ਨੂੰ 3.6 ਲੱਖ ਡਾਲਰ ਜੁਰਮਾਨਾ
ਐਡਮੰਟਨ: ਅਲਬਰਟਾ ਦੀ ਕੋਲਾ ਖਣਨ ਕੰਪਨੀ ਪ੍ਰੇਰੀ ਮਾਈਨਜ਼ ਐਂਡ ਰਾਇਲਟੀ ULC ਨੂੰ ਇੱਕ ਮਜ਼ਦੂਰ ਦੀ ਮੌਤ ਦੇ ਮਾਮਲੇ ਵਿੱਚ ਦੋਸ਼ ਕਬੂਲ ਕਰਨ ਤੋਂ ਬਾਅਦ 3 ਲੱਖ 60 ਹਜ਼ਾਰ ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ਨੇ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਤਹਿਤ ਕਰਮਚਾਰੀ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹਿਣ ਦਾ ਦੋਸ਼ ਮੰਨ ਲਿਆ। ਅਲਬਰਟਾ ਸਰਕਾਰ ਮੁਤਾਬਕ ਇਹ ਹਾਦਸਾ 25 ਨਵੰਬਰ 2023 ਨੂੰ ਐਡਮੰਟਨ ਦੇ ਦੱਖਣ-ਪੱਛਮ ਵਿੱਚ ਸਥਿਤ ਵਾਰਬਰਗ ਨੇੜੇ ਵਾਪਰਿਆ ਸੀ, ਜਦੋਂ ਇੱਕ ਕਰਮਚਾਰੀ ਪਾਈਪਾਂ ਵਿੱਚੋਂ ਪਾਣੀ ਅਤੇ ਬਰਫ਼ ਹਟਾਉਣ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਬਰਫ਼ ਦਾ ਇੱਕ ਵੱਡਾ ਟੁੱਕੜਾ ਅਚਾਨਕ ਖੁੱਲ੍ਹ ਕੇ ਕਰਮਚਾਰੀ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਕਰਾਊਨ ਵੱਲੋਂ ਕੰਪਨੀ ਖ਼ਿਲਾਫ਼ ਲਗਾਏ ਹੋਰ 11 ਦੋਸ਼ ਵਾਪਸ ਲੈ ਲਏ ਗਏ। ਸਰਕਾਰ ਨੇ ਦੱਸਿਆ ਕਿ ਇਹ ਜੁਰਮਾਨਾ ਕ੍ਰੀਏਟਿਵ ਸੈਂਟੈਂਸ ਤਹਿਤ ਲਗਾਇਆ ਗਿਆ ਹੈ, ਜਿਸ ਅਨੁਸਾਰ ਇਹ ਰਕਮ ਕੰਮਕਾਜ ਵਾਲੀਆਂ ਥਾਵਾਂ 'ਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਵੇਗੀ। 3.6 ਲੱਖ ਡਾਲਰ ਦੀ ਇਹ ਰਕਮ ਅਲਬਰਟਾ ਮਾਈਨ ਸੇਫਟੀ ਐਸੋਸੀਏਸ਼ਨ ਨੂੰ ਦਿੱਤੀ ਜਾਵੇਗੀ, ਜੋ ਪਾਣੀ ਹਟਾਉਣ ਨਾਲ ਸੰਬੰਧਤ ਕਾਰਵਾਈਆਂ ਲਈ ਸੁਰੱਖਿਆ ਮਾਪਦੰਡ ਅਤੇ ਸਿਖਲਾਈ ਪ੍ਰੋਗਰਾਮ ਤਿਆਰ ਕਰੇਗੀ।
















