ਅਲਬਰਟਾ ਦੇ ਨਵੇਂ ਡੁਅਲ ਪ੍ਰੈਕਟਿਸ ਸਿਸਟਮ ਵਿੱਚ ਸ਼ਾਮਲ ਹੋਣ ਲਈ ਕਰੀਬ 400 ਡਾਕਟਰਾਂ ਦੀ ਦਿਲਚਸਪੀ

Around 400 specialist doctors in Alberta have expressed interest in joining the province’s new dual-practice healthcare system. The model will allow doctors to work in the public system while also providing privately paid services. The first procedures, including hip and knee replacements, could begin later this fall. Critics, including the NDP and medical associations, warn it could create a two-tier healthcare system, while the Alberta government says it will provide more treatment options and help attract doctors

ਅਲਬਰਟਾ ਦੇ ਨਵੇਂ ਡੁਅਲ ਪ੍ਰੈਕਟਿਸ ਸਿਸਟਮ ਵਿੱਚ ਸ਼ਾਮਲ ਹੋਣ ਲਈ ਕਰੀਬ 400 ਡਾਕਟਰਾਂ ਦੀ ਦਿਲਚਸਪੀ

ਅਲਬਰਟਾ-ਅਲਬਰਟਾ ਸਰਕਾਰ ਮੁਤਾਬਕ ਸੂਬੇ ਦੇ ਕਰੀਬ 400 ਮਾਹਿਰ ਡਾਕਟਰਾਂ ਨੇ ਨਵੇਂ ਡੁਅਲ ਪ੍ਰੈਕਟਿਸ ਸਿਸਟਮ ਵਿੱਚ ਸ਼ਾਮਲ ਹੋਣ ਲਈ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਪ੍ਰਣਾਲੀ ਤਹਿਤ ਡਾਕਟਰ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਨਿੱਜੀ ਤੌਰ ’ਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾ ਸਕਣਗੇ।ਨਵੇਂ ਮਾਡਲ ਦੀ ਸ਼ੁਰੂਆਤ ਚੋਣਵੀਆਂ ਸਰਜਰੀਆਂ, ਜਿਵੇਂ ਕਿ ਕਮਰ ਅਤੇ ਗੋਡਿਆਂ ਦੀ ਬਦਲੀ, ਤੋਂ ਹੋਣ ਦੀ ਉਮੀਦ ਹੈ। ਇਸ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਕਾਨੂੰਨ 1 ਸਤੰਬਰ ਤੋਂ ਲਾਗੂ ਹੋ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨਿੱਜੀ ਤੌਰ ’ਤੇ ਭੁਗਤਾਨ ਕੀਤੀਆਂ ਸਰਜਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰਾਂ ਲਈ ਰਸਮੀ ਅਰਜ਼ੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।

ਸਰਜੀਕਲ ਸਰਵਿਸਿਜ਼ ਮੰਤਰੀ ਐਡਰੀਆਨਾ ਲਾਗ੍ਰਾਂਜ ਦੇ ਦਫ਼ਤਰ ਮੁਤਾਬਕ, ਗਰਮੀਆਂ ਦੌਰਾਨ ਡਾਕਟਰਾਂ ਤੋਂ ਦਿਲਚਸਪੀ ਮੰਗੀ ਗਈ ਸੀ ਅਤੇ ਹੁਣ ਤੱਕ ਕਰੀਬ 400 ਦਿਲਚਸਪੀ ਪ੍ਰਗਟਾਵੇ ਪ੍ਰਾਪਤ ਹੋਏ ਹਨ। ਇਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।ਸਰਕਾਰ ਅਨੁਸਾਰ ਅਰਜ਼ੀਆਂ ਦੀ ਜਾਂਚ ਦੌਰਾਨ ਡਾਕਟਰਾਂ ਦੀ ਯੋਗਤਾ, ਸਰਕਾਰੀ ਹਸਪਤਾਲਾਂ ਵਿੱਚ ਕੰਮ ਦੇ ਘੰਟਿਆਂ, ਨਿਗਰਾਨੀ ਅਤੇ ਨਵੀਆਂ ਰਿਪੋਰਟਿੰਗ ਸ਼ਰਤਾਂ ਸਮੇਤ ਹੋਰ ਮਾਪਦੰਡਾਂ ਨੂੰ ਦੇਖਿਆ ਜਾਵੇਗਾ।

ਅਲਬਰਟਾ ਵਿੱਚ ਇਸ ਸਮੇਂ ਲਗਭਗ 14,150 ਰਜਿਸਟਰਡ ਡਾਕਟਰ ਹਨ, ਜਿਨ੍ਹਾਂ ਵਿੱਚੋਂ ਕਰੀਬ 550 ਡਾਕਟਰ ਸਰਜਰੀ ਦੇ ਕਿਸੇ ਨਾ ਕਿਸੇ ਖੇਤਰ ਵਿੱਚ ਮਾਹਿਰ ਹਨ। ਇਨ੍ਹਾਂ ਵਿੱਚ 272 ਆਰਥੋਪੀਡਿਕ ਸਰਜਨ ਹਨ, ਜੋ ਕਮਰ ਅਤੇ ਗੋਡਿਆਂ ਦੀ ਬਦਲੀ ਵਰਗੀਆਂ ਸਰਜਰੀਆਂ ਕਰਦੇ ਹਨ।ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਤਹਿਤ ਪਹਿਲੀਆਂ ਡੁਅਲ ਪ੍ਰੈਕਟਿਸ ਸਰਜਰੀਆਂ ਇਸ ਸਾਲ ਦੇ ਅਖੀਰਲੇ ਪਤਝੜ ਮੌਸਮ ਦੌਰਾਨ ਸ਼ੁਰੂ ਹੋ ਸਕਦੀਆਂ ਹਨ।ਹਾਲਾਂਕਿ ਇਸ ਯੋਜਨਾ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਹੈ। ਸੂਬਾਈ ਅਤੇ ਕੌਮੀ ਡਾਕਟਰ ਐਸੋਸੀਏਸ਼ਨਾਂ ਦੇ ਨਾਲ-ਨਾਲ ਵਿਰੋਧੀ ਐਨਡੀਪੀ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੋ-ਪੱਧਰੀ ਸਿਹਤ ਪ੍ਰਣਾਲੀ ਨੂੰ ਜਨਮ ਦੇ ਸਕਦੀ ਹੈ, ਜਿਸ ਦਾ ਵੱਧ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਨਿੱਜੀ ਇਲਾਜ ਦਾ ਖਰਚਾ ਚੁੱਕ ਸਕਦੇ ਹਨ।

ਦੂਜੇ ਪਾਸੇ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਿਹਤ ਪ੍ਰਣਾਲੀ ਅਲਬਰਟਾਵਾਸੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਹੀ ਅਤੇ ਨਵੇਂ ਮਾਡਲ ਨਾਲ ਲੋਕਾਂ ਨੂੰ ਹੋਰ ਇਲਾਜੀ ਵਿਕਲਪ ਮਿਲਣਗੇ। ਸਰਕਾਰ ਇਹ ਵੀ ਮੰਨਦੀ ਹੈ ਕਿ ਇਹ ਪ੍ਰਣਾਲੀ ਸੂਬੇ ਵੱਲ ਹੋਰ ਡਾਕਟਰਾਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰ ਸਕਦੀ ਹੈ।ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬੋਲੂ ਓਗੁਨਯੇਮੀ ਨੇ ਕਿਹਾ ਕਿ ਦੇਸ਼ ਭਰ ਦੇ ਕਈ ਡਾਕਟਰ ਸਿਹਤ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਸਬੰਧੀ ਆਪਣੀ ਭੂਮਿਕਾ ਸੀਮਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਤਾਬਕ ਹਸਪਤਾਲਾਂ ਤੋਂ ਬਾਹਰ ਨਿੱਜੀ ਤੌਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨਾਲ ਡਾਕਟਰਾਂ ਨੂੰ ਵਧੇਰੇ ਕੁਸ਼ਲਤਾ ਅਤੇ ਆਪਣੇ ਕੰਮ ’ਤੇ ਵਧੇਰੇ ਨਿਯੰਤਰਣ ਮਿਲ ਸਕਦਾ ਹੈ।