ਅਲਬਰਟਾ ਤੇ ਕੈਨੇਡਾ ਵਿਚਾਲੇ ਵੱਡਾ ਹਾਊਸਿੰਗ ਸਮਝੌਤਾ

ਅਲਬਰਟਾ ਤੇ ਕੈਨੇਡਾ ਵਿਚਾਲੇ ਵੱਡਾ ਹਾਊਸਿੰਗ ਸਮਝੌਤਾ

ਨਵੇਂ ਘਰਾਂ ਲਈ ਪਾਣੀ ਤੇ ਸੀਵਰੇਜ ਢਾਂਚੇ ’ਤੇ 8 ਸਾਲਾਂ ਦੌਰਾਨ 51 ਕਰੋੜ ਡਾਲਰ ਤੋਂ ਵੱਧ ਦੀ ਫੈਡਰਲ ਫੰਡਿੰਗ

ਅਲਬਰਟਾ: ਕੈਨੇਡਾ ਅਤੇ ਅਲਬਰਟਾ ਸਰਕਾਰਾਂ ਨੇ ਸੂਬੇ ਵਿੱਚ ਵਧ ਰਹੀ ਹਾਊਸਿੰਗ ਮੰਗ ਨੂੰ ਪੂਰਾ ਕਰਨ ਅਤੇ ਨਵੇਂ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ ਪਾਣੀ ਅਤੇ ਵੇਸਟਵਾਟਰ ਬੁਨਿਆਦੀ ਢਾਂਚੇ ਵਿੱਚ ਵੱਡਾ ਨਿਵੇਸ਼ ਕਰਨ ਸਬੰਧੀ ਸਮਝੌਤਾ ਕੀਤਾ ਹੈ। ਇਸ ਤਹਿਤ ਅਲਬਰਟਾ ਦੀਆਂ ਮਿਊਂਸਪੈਲਿਟੀਆਂ ਨੂੰ ਅਗਲੇ 8 ਸਾਲਾਂ ਦੌਰਾਨ 51 ਕਰੋੜ ਡਾਲਰ ਤੋਂ ਵੱਧ ਦੀ ਫੈਡਰਲ ਫੰਡਿੰਗ ਮਿਲੇਗੀ।

ਇਹ ਰਕਮ ਕੈਨੇਡਾ ਹਾਊਸਿੰਗ ਇਨਫਰਾਸਟਰੱਕਚਰ ਫੰਡ ਰਾਹੀਂ ਅਜਿਹੇ ਪ੍ਰਾਜੈਕਟਾਂ ਲਈ ਦਿੱਤੀ ਜਾਵੇਗੀ, ਜੋ ਨਵੇਂ ਘਰਾਂ ਲਈ ਲੋੜੀਂਦੇ ਪਾਣੀ, ਸੀਵਰੇਜ, ਤੂਫ਼ਾਨੀ ਪਾਣੀ ਅਤੇ ਹੋਰ ਬੁਨਿਆਦੀ ਢਾਂਚੇ ਦੀ ਸਮਰੱਥਾ ਵਧਾਉਣਗੇ। ਅਲਬਰਟਾ ਸਰਕਾਰ ਯੋਗ ਮਿਊਂਸਪਲ ਪ੍ਰਾਜੈਕਟਾਂ ਦੀ ਲਾਗਤ ਦਾ ਘੱਟੋ-ਘੱਟ ਇੱਕ-ਤਿਹਾਈ ਹਿੱਸਾ ਪਾਏਗੀ, ਜਿਸ ਨਾਲ 42.8 ਕਰੋੜ ਡਾਲਰ ਤੱਕ ਦੀ ਸੂਬਾਈ ਫੰਡਿੰਗ ਉਪਲਬਧ ਹੋ ਸਕਦੀ ਹੈ।

ਸਮਝੌਤੇ ਤਹਿਤ ਕੁੱਲ ਫੰਡਿੰਗ ਵਿੱਚੋਂ 20 ਫੀਸਦੀ ਪੇਂਡੂ ਅਤੇ ਇੰਡੀਜੀਨਸ ਕਮਿਊਨਿਟੀਆਂ ਦੇ ਪ੍ਰਾਜੈਕਟਾਂ ਲਈ ਰੱਖੀ ਜਾਵੇਗੀ। ਅਲਬਰਟਾ ਸਰਕਾਰ ਪ੍ਰਾਜੈਕਟਾਂ ਦੀ ਪਛਾਣ ਅਤੇ ਤਰਜੀਹ ਤੈਅ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ, ਤਾਂ ਜੋ ਖੇਤਰੀ ਲੋੜਾਂ ਅਤੇ ਤੇਜ਼ੀ ਨਾਲ ਵਧ ਰਹੀਆਂ ਕਮਿਊਨਿਟੀਆਂ ਨੂੰ ਪਹਿਲ ਦਿੱਤੀ ਜਾ ਸਕੇ।

ਪਿਛਲੇ ਪੰਜ ਸਾਲਾਂ ਵਿੱਚ ਅਲਬਰਟਾ ਦੀ ਆਬਾਦੀ ਵਿੱਚ 6 ਲੱਖ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਹੈ, ਜਿਸ ਕਾਰਨ ਘਰਾਂ, ਪਾਣੀ ਅਤੇ ਹੋਰ ਜਨਤਕ ਸੇਵਾਵਾਂ ਦੀ ਮੰਗ ’ਤੇ ਦਬਾਅ ਵਧਿਆ ਹੈ। ਸਰਕਾਰ ਮੁਤਾਬਕ ਇਹ ਨਿਵੇਸ਼ ਨਵੇਂ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਦੇ ਨਾਲ ਕਮਿਊਨਿਟੀ ਵਿਕਾਸ ਅਤੇ ਆਰਥਿਕਤਾ ਨੂੰ ਵੀ ਹੁਲਾਰਾ ਦੇਵੇਗਾ।

ਅਲਬਰਟਾ ਦਾ ਟਰਾਂਸਪੋਰਟੇਸ਼ਨ ਅਤੇ ਇਕਨਾਮਿਕ ਕੌਰੀਡੋਰਜ਼ ਵਿਭਾਗ 30 ਨਵੰਬਰ ਤੱਕ ਪ੍ਰਾਜੈਕਟਾਂ ਦੀ ਪਹਿਲੀ ਸੂਚੀ ਫੈਡਰਲ ਸਰਕਾਰ ਨੂੰ ਭੇਜੇਗਾ। ਫੰਡਿੰਗ ਲਈ ਮਿਊਂਸਪੈਲਿਟੀਆਂ, ਜਨਤਕ ਖੇਤਰ ਦੀਆਂ ਸੰਸਥਾਵਾਂ, ਇੰਡੀਜੀਨਸ ਕਮਿਊਨਿਟੀਆਂ ਅਤੇ ਕੁਝ ਯੋਗ ਨਿੱਜੀ ਸੰਸਥਾਵਾਂ ਵੀ ਪ੍ਰਾਜੈਕਟ ਪੇਸ਼ ਕਰ ਸਕਣਗੀਆਂ।