ਅਮਰੀਕਾ ਨੇ ਕੈਨੇਡੀਅਨ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਾਇਆ
ਵਾਸ਼ਿੰਗਟਨ/ਓਟਾਵਾ-ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਨਾਕਾਮ ਰਹਿਣ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਤੋਂ ਆਉਣ ਵਾਲੇ ਕਰੀਬ 20 ਅਰਬ ਡਾਲਰ ਦੇ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਾਗੂ ਕਰ ਦਿੱਤਾ ਹੈ।ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕੈਨੇਡਾ ਵੀ ਅਮਰੀਕੀ ਟੈਰਿਫ ਦਾ ‘ਡਾਲਰ-ਫਾਰ-ਡਾਲਰ’ ਜਵਾਬ ਦੇਵੇਗਾ।
ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਮੁਤਾਬਕ ਕੈਨੇਡਾ ਨੇ ਇਸ ਹਫ਼ਤੇ ਤੈਅ ਕੀਤੀਆਂ ਸ਼ਰਤਾਂ ਤਹਿਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਵੱਲੋਂ ਸਟੀਲ ਅਤੇ ਐਲੂਮੀਨੀਅਮ ਵਰਗੇ ਖੇਤਰਾਂ ’ਚ ਟੈਰਿਫ ਘਟਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਆਖਰੀ ਸਮੇਂ ਕੀਤੀਆਂ ਤਬਦੀਲੀਆਂ ‘ਅਨੁਚਿਤ ਅਤੇ ਆਰਥਿਕ ਤੌਰ ’ਤੇ ਨੁਕਸਾਨਦਾਇਕ’ ਸਨ ਅਤੇ ਇਨ੍ਹਾਂ ਨਾਲ ਕਿਸੇ ਵੀ ਸਮਝੌਤੇ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨ ਕਾਰੋਬਾਰਾਂ ਅਤੇ ਕਾਮਿਆਂ ਲਈ ਹੋਰ ਸਹਾਇਤਾ ਦਾ ਐਲਾਨ ਕਰੇਗੀ।ਕਾਰਨੀ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਕੈਨੇਡਾ ਨੂੰ ਅਮਰੀਕੀ ਬਾਜ਼ਾਰ ’ਤੇ ਆਪਣੀ ਨਿਰਭਰਤਾ ਘਟਾਉਣੀ ਪਵੇਗੀ। ਇਸ ਸਮੇਂ ਕੈਨੇਡਾ ਦੇ ਲਗਭਗ 70 ਫੀਸਦੀ ਨਿਰਯਾਤ ਅਮਰੀਕਾ ਨੂੰ ਜਾਂਦੇ ਹਨ।ਅਮਰੀਕਾ ਅਤੇ ਕੈਨੇਡਾ ਵਿਚਾਲੇ ਪਿਛਲੇ ਸਾਲ ਕਰੀਬ 880 ਅਰਬ ਡਾਲਰ ਦੇ ਸਮਾਨ ਅਤੇ ਸੇਵਾਵਾਂ ਦਾ ਵਪਾਰ ਹੋਇਆ ਸੀ। ਇਸ ਕਾਰਨ ਮੌਜੂਦਾ ਟੈਰਿਫ ਵਿਵਾਦ ਦਾ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ।
ਕੈਨੇਡਾ ਪਹਿਲਾਂ ਹੀ ਅਮਰੀਕੀ ਟੈਰਿਫ ਕਾਰਨ ਆਟੋਮੋਬਾਈਲ, ਸਟੀਲ ਅਤੇ ਐਲੂਮੀਨੀਅਮ ਖੇਤਰਾਂ ’ਤੇ ਪੈ ਰਹੇ ਪ੍ਰਭਾਵ, ਨੌਕਰੀਆਂ ਦੇ ਨੁਕਸਾਨ ਅਤੇ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ’ਚ ਆ ਰਹੇ ਤਣਾਅ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਚੁੱਕਾ ਹੈ।ਕੈਨੇਡਾ-ਅਮਰੀਕਾ ਦੀ ਲਗਭਗ 5,525 ਮੀਲ ਲੰਬੀ ਸਰਹੱਦ ’ਤੇ ਹਰ ਰੋਜ਼ ਕਰੀਬ 3.30 ਲੱਖ ਲੋਕ ਅਤੇ ਲਗਭਗ 2 ਅਰਬ ਡਾਲਰ ਮੁੱਲ ਦਾ ਸਮਾਨ ਆਉਣਾ-ਜਾਣਾ ਕਰਦਾ ਹੈ।
















