ਕੈਨੇਡਾ ਵੱਲੋਂ ਗਾਜ਼ਾ ਵਿੱਚ ਮਨੁੱਖੀ ਸੰਕਟ ਲਈ ਇਜ਼ਰਾਈਲ ਦੀ ਨਿੰਦਾ

ਕੈਨੇਡਾ ਵੱਲੋਂ ਗਾਜ਼ਾ ਵਿੱਚ ਮਨੁੱਖੀ ਸੰਕਟ ਲਈ ਇਜ਼ਰਾਈਲ ਦੀ ਨਿੰਦਾ

ਓਟਾਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਇਜ਼ਰਾਈਲੀ ਸਰਕਾਰ ’ਤੇ ਗਾਜ਼ਾ ਵਿੱਚ ਤੇਜ਼ੀ ਨਾਲ ਵਿਗੜ ਰਹੇ ਮਨੁੱਖੀ ਸੰਕਟ ਨੂੰ ਰੋਕਣ ਵਿੱਚ ਅਸਫਲ ਰਹਿਣ ਅਤੇ ਸਹਾਇਤਾ ਤੋਂ ਇਨਕਾਰ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨੇ ਐਕਸ ’ਤੇ ਪੋਸਟ ਪਾਉਂਦਿਆਂ ਕਿਹਾ ਕਿ ਸਹਾਇਤਾ ਵੰਡ ’ਤੇ ਇਜ਼ਰਾਈਲ ਦੇ ਨਿਯੰਤਰਣ ਨੂੰ ਅੰਤਰਰਾਸ਼ਟਰੀ ਸੰਗਠਨਾਂ ਦੀ ਅਗਵਾਈ ਵਿੱਚ ਮਨੁੱਖੀ ਸਹਾਇਤਾ ਦੇ “ਵਿਆਪਕ ਪ੍ਰਬੰਧ” ਨਾਲ ਬਦਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੈਨੇਡਾ ਸਾਰੇ ਪੱਖਾਂ ਨੂੰ ਚੰਗੇ ਵਿਸ਼ਵਾਸ ਨਾਲ ਤੁਰੰਤ ਜੰਗਬੰਦੀ ’ਤੇ ਗੱਲਬਾਤ ਕਰਨ ਦਾ ਸੱਦਾ ਦਿੰਦਾ ਹੈ ਅਤੇ ਕਿਹਾ ਕਿ ਅਸੀਂ ਹਮਾਸ ਨੂੰ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਇਜ਼ਰਾਈਲੀ ਸਰਕਾਰ ਨੂੰ ਪੱਛਮੀ ਕੰਢੇ ਅਤੇ ਗਾਜ਼ਾ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਹਾਂ।”ਜ਼ਿਕਰਯੋਗ ਹੈ ਇਜ਼ਰਾਈਲ ਦੀ ਸੰਸਦ ਨੇ ਬੁੱਧਵਾਰ ਨੂੰ ਪੱਛਮੀ ਕੰਢੇ ਨੂੰ ਆਪਣੇ ਨਾਲ ਜੋੜਨ ਲਈ ਇੱਕ ਪ੍ਰਤੀਕਾਤਮਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਦੋ-ਰਾਜ ਹੱਲ ਦਾ ਸਮਰਥਨ ਕਰਦਾ ਹੈ ਜਿਸ ਬਾਰੇ ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਇਸ ਮੁੱਦੇ ’ਤੇ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਆਨੰਦ ਨੇ ਕਿਹਾ ਕਿ ਇਹ “ਨਾ-ਮਾਫ਼” ਹੈ ਕਿ ਗਾਜ਼ਾ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਭੋਜਨ ਅਤੇ ਪਾਣੀ ਦੀ ਢੁਕਵੀਂ ਪਹੁੰਚ ਨਹੀਂ ਹੈ। ਇਜ਼ਰਾਈਲੀ ਸਰਕਾਰ ਨੂੰ ਮਨੁੱਖੀ ਸਹਾਇਤਾ ਦੇ ਬੇਰੋਕ ਪ੍ਰਵਾਹ ਨੂੰ ਫਲਸਤੀਨੀ ਨਾਗਰਿਕਾਂ ਤੱਕ ਪਹੁੰਚਣ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਤੁਰੰਤ ਲੋੜ ਹੈ।  ਉਨ੍ਹਾਂ ਦੀਆਂ ਟਿੱਪਣੀਆਂ ਉਸੇ ਦਿਨ ਆਈਆਂ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦੇਵੇਗਾ। ਮੈਕਰੋਨ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਫੈਸਲੇ ਨੂੰ ਰਸਮੀ ਤੌਰ ’ਤੇ ਲਾਗੂ ਕਰਨਗੇ।