ਐਡਮੰਟਨ ਵਿੱਚ 2028 ਦਾ ਗ੍ਰੇਅ ਕੱਪ ਕਰਵਾਉਣ ਲਈ ਅਲਬਰਟਾ ਸਰਕਾਰ ਵੱਲੋਂ 50 ਲੱਖ ਡਾਲਰ ਦਾ ਨਿਵੇਸ਼
Edmonton will host the 115th Grey Cup and Grey Cup Festival on November 5, 2028, at Commonwealth Stadium. The Alberta government is investing a record $5 million, with the event expected to generate more than $116 million in economic activity and boost tourism, local businesses and employment.
ਐਡਮੰਟਨ-ਅਲਬਰਟਾ ਦੀ ਰਾਜਧਾਨੀ ਐਡਮੰਟਨ ਵਿੱਚ ਸਾਲ 2028 ਦਾ 115ਵਾਂ ਗ੍ਰੇਅ ਕੱਪ ਅਤੇ ਗ੍ਰੇਅ ਕੱਪ ਫੈਸਟੀਵਲ ਕਰਵਾਇਆ ਜਾਵੇਗਾ। ਇਸ ਵੱਡੇ ਖੇਡ ਸਮਾਗਮ ਲਈ ਅਲਬਰਟਾ ਸਰਕਾਰ ਵੱਲੋਂ ਰਿਕਾਰਡ 50 ਲੱਖ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਸਮਾਗਮ ਨਾਲ ਸੂਬੇ ਦੇ ਸੈਰ-ਸਪਾਟਾ ਖੇਤਰ, ਸਥਾਨਕ ਕਾਰੋਬਾਰਾਂ ਅਤੇ ਰੁਜ਼ਗਾਰ ਨੂੰ ਵੱਡਾ ਹੁਲਾਰਾ ਮਿਲੇਗਾ।
ਸਰਕਾਰੀ ਅਨੁਮਾਨਾਂ ਮੁਤਾਬਕ ਗ੍ਰੇਅ ਕੱਪ ਅਤੇ ਇਸ ਨਾਲ ਜੁੜੇ ਸਮਾਗਮਾਂ ਰਾਹੀਂ 11.6 ਕਰੋੜ ਡਾਲਰ ਤੋਂ ਵੱਧ ਦੀ ਆਰਥਿਕ ਸਰਗਰਮੀ ਪੈਦਾ ਹੋਣ ਦੀ ਉਮੀਦ ਹੈ। ਇਸ ਦੌਰਾਨ ਕੈਨੇਡਾ ਭਰ ਤੋਂ ਫੁੱਟਬਾਲ ਪ੍ਰੇਮੀ ਐਡਮੰਟਨ ਪਹੁੰਚਣਗੇ। ਗ੍ਰੇਅ ਕੱਪ ਫੈਸਟੀਵਲ ਵਿੱਚ ਪਰਿਵਾਰਾਂ ਲਈ ਮੁਫ਼ਤ ਮਨੋਰੰਜਨ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਅਲਬਰਟਾ ਦੇ ਸੈਰ-ਸਪਾਟਾ ਅਤੇ ਖੇਡ ਮੰਤਰੀ ਐਂਡਰਿਊ ਬੋਇਚੇਨਕੋ ਨੇ ਕਿਹਾ ਕਿ ਗ੍ਰੇਅ ਕੱਪ ਦੇਸ਼ ਭਰ ਦੇ ਲੋਕਾਂ ਨੂੰ ਇਕੱਠਾ ਕਰਨ ਵਾਲਾ ਵੱਡਾ ਖੇਡ ਸਮਾਗਮ ਹੈ। ਸਰਕਾਰ ਦਾ ਨਿਵੇਸ਼ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਦੇ ਨਾਲ-ਨਾਲ ਅਲਬਰਟਾ ਨੂੰ ਵੱਡੇ ਖੇਡ ਮੁਕਾਬਲਿਆਂ ਦੇ ਪ੍ਰਮੁੱਖ ਕੇਂਦਰ ਵਜੋਂ ਪੇਸ਼ ਕਰੇਗਾ।
ਐਡਮੰਟਨ ਦੇ ਮੇਅਰ ਐਂਡਰਿਊ ਨੈਕ ਨੇ ਕਿਹਾ ਕਿ 2028 ਦਾ ਸਾਲ ਸ਼ਹਿਰ ਲਈ ਖਾਸ ਰਹੇਗਾ। ਫਰਵਰੀ ਵਿੱਚ ਹਾਕੀ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ, ਜੁਲਾਈ ਵਿੱਚ ਕਾਮਨਵੈਲਥ ਸਟੇਡੀਅਮ ਦੀ 50ਵੀਂ ਵਰ੍ਹੇਗੰਢ ਅਤੇ ਨਵੰਬਰ ਵਿੱਚ ਗ੍ਰੇਅ ਕੱਪ ਵਰਗੇ ਵੱਡੇ ਸਮਾਗਮ ਸ਼ਹਿਰ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ।
115ਵਾਂ ਗ੍ਰੇਅ ਕੱਪ ਮੁਕਾਬਲਾ 5 ਨਵੰਬਰ 2028 ਨੂੰ ਕਾਮਨਵੈਲਥ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਐਡਮੰਟਨ ਨੇ ਆਖਰੀ ਵਾਰ 2018 ਵਿੱਚ ਗ੍ਰੇਅ ਕੱਪ ਦੀ ਮੇਜ਼ਬਾਨੀ ਕੀਤੀ ਸੀ। ਉਸ ਸਮੇਂ ਸਟੇਡੀਅਮ ਵਿੱਚ 55,819 ਟਿਕਟਾਂ ਵਿਕੀਆਂ ਸਨ ਅਤੇ ਖੇਡ ਤੇ ਇਸ ਨਾਲ ਜੁੜੇ ਸਮਾਗਮਾਂ ਵਿੱਚ ਲਗਭਗ ਪੰਜ ਲੱਖ ਲੋਕਾਂ ਨੇ ਹਿੱਸਾ ਲਿਆ ਸੀ, ਜਿਸ ਨਾਲ ਸਥਾਨਕ ਅਰਥਚਾਰੇ ਨੂੰ ਕਰੀਬ 8 ਕਰੋੜ ਡਾਲਰ ਦਾ ਲਾਭ ਹੋਇਆ ਸੀ।














