76 ਫ਼ੀਸਦੀ ਕੈਨੇਡੀਅਨ ਮੰਨਦੇ ਹਨ ਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਖ਼ਤਮ ਕਰਨਾ ਸਹੀ ਫ਼ੈਸਲਾ : ਸਰਵੇਖਣ
ਟੋਰਾਂਟੋ-ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ 76 ਫ਼ੀਸਦੀ ਕੈਨੇਡੀਅਨਾਂ ਨੇ ਮੰਨਿਆ ਹੈ ਕਿ ਅਮਰੀਕਾ ਨਾਲ ਗੱਲਬਾਤ ਖ਼ਤਮ ਕਰਨ ਦਾ ਕੈਨੇਡਾ ਸਰਕਾਰ ਦਾ ਫ਼ੈਸਲਾ ਸਹੀ ਸੀ।ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ 59 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਸਵੀਕਾਰਯੋਗ ਵਪਾਰਕ ਸਮਝੌਤੇ ’ਤੇ ਪਹੁੰਚਣ ਜਾਂ ਨਾ ਪਹੁੰਚਣ ਸਬੰਧੀ ਕੈਨੇਡਾ ਸਰਕਾਰ ਕੋਲ ‘ਬਹੁਤ ਘੱਟ’ ਜਾਂ ‘ਬਿਲਕੁਲ ਵੀ’ ਕਾਬੂ ਨਹੀਂ ਸੀ। ਇਹ ਰਾਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿੱਚ ਲਗਭਗ ਇਕਸਾਰ ਪਾਈ ਗਈ।
ਸਰਵੇਖਣ ਅਨੁਸਾਰ 2025 ਦੀਆਂ ਸੰਘੀ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਵਾਲੇ 53 ਫ਼ੀਸਦੀ ਲੋਕਾਂ ਨੇ ਵੀ ਕਿਹਾ ਕਿ ਮਾੜੀਆਂ ਸ਼ਰਤਾਂ ਵਾਲਾ ਸਮਝੌਤਾ ਸਵੀਕਾਰ ਕਰਨ ਦੀ ਬਜਾਏ ਗੱਲਬਾਤ ਤੋਂ ਪਿੱਛੇ ਹਟਣਾ ਸਹੀ ਫ਼ੈਸਲਾ ਸੀ।ਇਸੇ ਤਰ੍ਹਾਂ 69 ਫ਼ੀਸਦੀ ਲਿਬਰਲ ਸਮਰਥਕਾਂ ਅਤੇ 76 ਫ਼ੀਸਦੀ ਐੱਨ.ਡੀ.ਪੀ. ਸਮਰਥਕਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਰੁਖ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਹਿੱਤਾਂ ਦੇ ਵਿਰੁੱਧ ਸਮਝੀਆਂ ਜਾ ਰਹੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰਕੇ ਮਜ਼ਬੂਤੀ ਦਿਖਾਈ ਹੈ।
ਸਰਵੇਖਣ ਵਿੱਚ ਕੈਨੇਡਾ ਵੱਲੋਂ ਅਮਰੀਕੀ ਟੈਰਿਫ਼ਾਂ ਦੇ ਜਵਾਬ ਵਿੱਚ ਲਗਾਏ ਜਾਣ ਵਾਲੇ ਜਵਾਬੀ ਟੈਰਿਫ਼ਾਂ ਨੂੰ ਵੀ ਵੱਡਾ ਸਮਰਥਨ ਮਿਲਿਆ ਹੈ। 62 ਫ਼ੀਸਦੀ ਕੈਨੇਡੀਅਨਾਂ ਨੇ ਮੌਜੂਦਾ ਹਾਲਾਤਾਂ ਵਿੱਚ ਸਰਕਾਰ ਦੇ ਜਵਾਬੀ ਟੈਰਿਫ਼ਾਂ ਨੂੰ ‘ਲਗਭਗ ਢੁੱਕਵਾਂ’ ਕਰਾਰ ਦਿੱਤਾ।ਕੈਨੇਡਾ 8 ਸਤੰਬਰ ਤੋਂ ਅਮਰੀਕੀ ਉਤਪਾਦਾਂ ’ਤੇ ਬਰਾਬਰ ਦਰ ਦੇ ਜਵਾਬੀ ਟੈਰਿਫ਼ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਵਿੱਚ ਡੇਅਰੀ ਉਤਪਾਦਾਂ, ਸਟੀਲ, ਲੱਕੜ ਦੀ ਲੁਗਦੀ, ਘਰੇਲੂ ਉਪਕਰਨਾਂ, ਕਾਗਜ਼, ਇਲੈਕਟ੍ਰਾਨਿਕਸ ਅਤੇ ਖੇਤੀਬਾੜੀ ਮਸ਼ੀਨਰੀ ਵਰਗੇ ਉਤਪਾਦ ਸ਼ਾਮਲ ਹੋਣ ਦੀ ਸੰਭਾਵਨਾ ਹੈ।ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਵਾਹਨਾਂ, ਵਾਹਨਾਂ ਦੇ ਪੁਰਜ਼ਿਆਂ ਅਤੇ ਸਟੀਲ ’ਤੇ ਹੋਰ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ, ਜੋ 1 ਜਨਵਰੀ 2027 ਤੋਂ ਲਾਗੂ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 22 ਅਗਸਤ ਨੂੰ ਜਵਾਬੀ ਕਾਰਵਾਈ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਫ਼ੈਸਲਾ ਸਰਕਾਰ ਨੇ ‘ਮਜਬੂਰੀਵਸ਼’ ਲਿਆ ਹੈ, ਕਿਉਂਕਿ ਕੁਝ ਕਦਮਾਂ ਨਾਲ ਕੈਨੇਡੀਅਨਾਂ ਲਈ ਲਾਗਤ ਵਧ ਸਕਦੀ ਹੈ ਅਤੇ ਉਤਪਾਦਾਂ ਦੀ ਚੋਣ ਘਟ ਸਕਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਮਾੜਾ ਸਮਝੌਤਾ ਸਵੀਕਾਰ ਕਰਨ ਦੀ ਬਜਾਏ ਕੈਨੇਡਾ ਦੇ ਹਿੱਤਾਂ ਲਈ ਖੜ੍ਹੇ ਹੋਣਾ ਦੇਸ਼ ਲਈ ਲੰਬੇ ਸਮੇਂ ਵਿੱਚ ਬਿਹਤਰ ਸਾਬਤ ਹੋਵੇਗਾ।
















