ਹਾਕੀ ਜਗਤ ਨੂੰ ਵੱਡਾ ਝਟਕਾ, ਸਾਬਕਾ ਫਲੇਮਜ਼ ਤੇ ਮੇਪਲ ਲੀਫ਼ਜ਼ ਜੀਐਮ ਕਲਿਫ਼ ਫਲੇਚਰ ਦਾ ਦੇਹਾਂਤ

ਹਾਕੀ ਜਗਤ ਨੂੰ ਵੱਡਾ ਝਟਕਾ, ਸਾਬਕਾ ਫਲੇਮਜ਼ ਤੇ ਮੇਪਲ ਲੀਫ਼ਜ਼ ਜੀਐਮ ਕਲਿਫ਼ ਫਲੇਚਰ ਦਾ ਦੇਹਾਂਤ

ਕੈਲਗਰੀ-ਐਨਐਚਐਲ ਦੇ ਮਸ਼ਹੂਰ ਹਾਕੀ ਪ੍ਰਬੰਧਕ ਅਤੇ ਕੈਲਗਰੀ ਫਲੇਮਜ਼ ਤੇ ਟੋਰਾਂਟੋ ਮੇਪਲ ਲੀਫ਼ਜ਼ ਦੇ ਸਾਬਕਾ ਜਨਰਲ ਮੈਨੇਜਰ ਕਲਿਫ਼ ਫਲੇਚਰ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਟੋਰਾਂਟੋ ਮੇਪਲ ਲੀਫ਼ਜ਼ ਸੰਸਥਾ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ। “ਟ੍ਰੇਡਰ ਕਲਿਫ਼” ਦੇ ਨਾਮ ਨਾਲ ਮਸ਼ਹੂਰ ਫਲੇਚਰ ਨੂੰ ਐਨਐਚਐਲ ਇਤਿਹਾਸ ਦੇ ਸਭ ਤੋਂ ਦਲੇਰ ਅਤੇ ਦੂਰਅੰਦੇਸ਼ ਜਨਰਲ ਮੈਨੇਜਰਾਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਵੱਲੋਂ ਕੀਤੀਆਂ ਵੱਡੀਆਂ ਖਿਡਾਰੀ ਡੀਲਾਂ ਨੇ ਕਈ ਟੀਮਾਂ ਦੀ ਤਕਦੀਰ ਬਦਲੀ। ਲੈਨੀ ਮੈਕਡੋਨਾਲਡ ਨੂੰ ਕੈਲਗਰੀ ਫਲੇਮਜ਼ ਵਿੱਚ ਲਿਆਉਣਾ ਅਤੇ ਡਗ ਗਿਲਮੋਰ ਨੂੰ ਟੋਰਾਂਟੋ ਮੇਪਲ ਲੀਫ਼ਜ਼ ਨਾਲ ਜੋੜਨਾ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਡੀਲਾਂ ਮੰਨੀਆਂ ਜਾਂਦੀਆਂ ਹਨ।

ਕਲਿਫ਼ ਫਲੇਚਰ ਨੇ 1950 ਦੇ ਦਹਾਕੇ ਵਿੱਚ ਮਾਂਟਰੀਅਲ ਕੈਨੇਡੀਅਨਜ਼ ਲਈ ਸਕਾਊਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਉਹ ਐਟਲਾਂਟਾ ਫਲੇਮਜ਼ ਦੇ ਪਹਿਲੇ ਜਨਰਲ ਮੈਨੇਜਰ ਬਣੇ ਅਤੇ ਟੀਮ ਦੇ ਕੈਲਗਰੀ ਸ਼ਿਫ਼ਟ ਹੋਣ ਮਗਰੋਂ ਵੀ ਫ੍ਰੈਂਚਾਈਜ਼ ਨਾਲ ਜੁੜੇ ਰਹੇ। ਉਨ੍ਹਾਂ ਦੀ ਅਗਵਾਈ ਹੇਠ ਕੈਲਗਰੀ ਫਲੇਮਜ਼ ਨੇ 1989 ਵਿੱਚ ਆਪਣਾ ਇਕਲੌਤਾ ਸਟੈਨਲੀ ਕੱਪ ਖ਼ਿਤਾਬ ਜਿੱਤਿਆ।

1991 ਵਿੱਚ ਫਲੇਚਰ ਟੋਰਾਂਟੋ ਮੇਪਲ ਲੀਫ਼ਜ਼ ਨਾਲ ਪ੍ਰਧਾਨ ਅਤੇ ਜਨਰਲ ਮੈਨੇਜਰ ਵਜੋਂ ਜੁੜੇ। ਉਨ੍ਹਾਂ ਨੇ ਕਮਜ਼ੋਰ ਮੰਨੀ ਜਾਂਦੀ ਟੀਮ ਨੂੰ ਮੁੜ ਤਿਆਰ ਕਰਕੇ 1990 ਦੇ ਸ਼ੁਰੂਆਤੀ ਦਹਾਕੇ ਵਿੱਚ ਖ਼ਿਤਾਬ ਦੀ ਦੌੜ ਵਿੱਚ ਸ਼ਾਮਲ ਕਰ ਦਿੱਤਾ। ਡਗ ਗਿਲਮੋਰ ਦੀ ਅਗਵਾਈ ਹੇਠ ਮੇਪਲ ਲੀਫ਼ਜ਼ 1993 ਵਿੱਚ ਸਟੈਨਲੀ ਕੱਪ ਫਾਈਨਲ ਤੋਂ ਕੇਵਲ ਇੱਕ ਜਿੱਤ ਦੂਰ ਰਹੇ ਸਨ।ਫਲੇਚਰ ਨੇ ਆਪਣੇ ਕਰੀਅਰ ਦੌਰਾਨ ਟੈਂਪਾ ਬੇ ਅਤੇ ਅਰਿਜੋਨਾ ਦੀਆਂ ਫਰੰਟ ਆਫਿਸ ਟੀਮਾਂ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ। 2007-08 ਸੀਜ਼ਨ ਦੌਰਾਨ ਉਹ ਮੁੜ ਟੋਰਾਂਟੋ ਮੇਪਲ ਲੀਫ਼ਜ਼ ਨਾਲ ਜੁੜੇ ਅਤੇ ਆਖ਼ਰੀ ਸਮੇਂ ਤੱਕ ਸੰਸਥਾ ਦਾ ਹਿੱਸਾ ਰਹੇ।

ਉਨ੍ਹਾਂ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਸਾਬਕਾ ਸਾਥੀਆਂ ਨੇ ਫਲੇਚਰ ਨੂੰ ਬੇਹੱਦ ਇਮਾਨਦਾਰ, ਦੂਰਦਰਸ਼ੀ ਅਤੇ ਖਿਡਾਰੀਆਂ ਤੇ ਸਟਾਫ਼ ਦੀ ਪਰਿਵਾਰਕ ਤਰ੍ਹਾਂ ਸੰਭਾਲ ਕਰਨ ਵਾਲਾ ਵਿਅਕਤੀ ਦੱਸਿਆ। ਸਾਬਕਾ ਸਹਿਯੋਗੀ ਅਲ ਮੈਕਨੀਲ ਨੇ ਇੱਕ ਵਾਰ ਕਿਹਾ ਸੀ ਕਿ “ਕਲਿਫ਼ ਫਲੇਚਰ ਹਮੇਸ਼ਾਂ ਨਵੀਆਂ ਸੋਚਾਂ ਨਾਲ ਟੀਮ ਨੂੰ ਮਜ਼ਬੂਤ ਬਣਾਉਣ ਬਾਰੇ ਸੋਚਦੇ ਰਹਿੰਦੇ ਸਨ।” ਹਾਕੀ ਜਗਤ ਵਿੱਚ ਕਲਿਫ਼ ਫਲੇਚਰ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਖੇਡ ਪ੍ਰੇਮੀਆਂ ਅਤੇ ਸਾਬਕਾ ਖਿਡਾਰੀਆਂ ਨੇ ਉਨ੍ਹਾਂ ਨੂੰ ਹਾਕੀ ਦੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਬੰਧਕਾਂ ਵਿੱਚੋਂ ਇੱਕ ਕਰਾਰ ਦਿੱਤਾ ਹੈ।