ਸਕਾਰਬਰੋ ਐੱਮਪੀ ਸਲਮਾ ਜ਼ਹੀਦ ਦੇ ਘਰ ਬਾਹਰ ਕਈ ਵਾਹਨਾਂ ਨੂੰ ਲੱਗੀ ਅੱਗ, ਅਗਜ਼ਨੀ ਦਾ ਸ਼ੱਕ
ਸਕਾਰਬਰੋ-ਸਕਾਰਬਰੋ ਸੈਂਟਰ ਦੀ ਲਿਬਰਲ ਐੱਮਪੀ ਸਲਮਾ ਜ਼ਹੀਦ ਦੇ ਘਰ ਬਾਹਰ ਵੀਰਵਾਰ ਤੜਕੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਟੋਰਾਂਟੋ ਪੁਲਿਸ ਇਸ ਘਟਨਾ ਨੂੰ ਸੰਭਾਵਿਤ ਅਗਜ਼ਨੀ ਵਜੋਂ ਜਾਂਚ ਰਹੀ ਹੈ। ਇਹ ਘਟਨਾ ਬੈਲਾਮੀ ਰੋਡ ਨੌਰਥ ਅਤੇ ਲਾਰੈਂਸ ਐਵੇਨਿਊ ਈਸਟ ਨੇੜੇ ਸਥਿਤ ਜ਼ਹੀਦ ਦੇ ਘਰ ਵਿਖੇ ਰਾਤ ਕਰੀਬ 1:30 ਵਜੇ ਤੋਂ ਪਹਿਲਾਂ ਵਾਪਰੀ। ਟੋਰਾਂਟੋ ਫਾਇਰ ਸਰਵਿਸਿਜ਼ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜ਼ਹੀਦ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਅੱਗ ਦੇਖ ਕੇ 911 ’ਤੇ ਕਾਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਸੁਰੱਖਿਅਤ ਹੈ, ਪਰ ਉਨ੍ਹਾਂ ਦੀ ਆਪਣੀ ਕਾਰ ਸਮੇਤ ਦੋ ਵਾਹਨ ਅੱਗ ਵਿੱਚ ਤਬਾਹ ਹੋ ਗਏ। ਐੱਮਪੀ ਨੇ ਕਿਹਾ ਕਿ ਉਹ ਘਟਨਾ ਦੇ ਮਕਸਦ ਬਾਰੇ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੀ ਅਤੇ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗੀ। ਜ਼ਹੀਦ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਨੂੰ ਆਪਣੀ, ਆਪਣੇ ਸਟਾਫ ਅਤੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਹੈ। ਉਨ੍ਹਾਂ ਨੇ ਆਪਣੇ ਹਲਕੇ ਦਾ ਦਫ਼ਤਰ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ ਤਾਂ ਜੋ ਸਟਾਫ ਨੂੰ ਕਿਸੇ ਖਤਰੇ ਵਿੱਚ ਨਾ ਪਾਇਆ ਜਾਵੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਘਟਨਾ ਨੂੰ “ਕਾਇਰਾਨਾ ਹਿੰਸਾ ਅਤੇ ਡਰਾਉਣ-ਧਮਕਾਉਣ ਦੀ ਕਾਰਵਾਈ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਕਬੂਲਣਯੋਗ ਨਹੀਂ ਹੈ ਅਤੇ ਸਲਮਾ ਜ਼ਹੀਦ ਤੇ ਉਨ੍ਹਾਂ ਦੇ ਪਰਿਵਾਰ ਦੇ ਸੁਰੱਖਿਅਤ ਹੋਣ ’ਤੇ ਰਾਹਤ ਮਹਿਸੂਸ ਹੋਈ ਹੈ। ਟੋਰਾਂਟੋ ਦੀ ਮੇਅਰ ਓਲਿਵੀਆ ਚਾਓ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਹਿੰਸਾ ਅਤੇ ਡਰਾਉਣ ਦੀਆਂ ਅਜਿਹੀਆਂ ਕਾਇਰਾਨਾ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ (ਐਨਸੀਸੀਐਮ) ਨੇ ਵੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਘਟਨਾ ਨਾਲ ਕੈਨੇਡੀਅਨ ਮੁਸਲਿਮ ਭਾਈਚਾਰਾ ਹੈਰਾਨ ਅਤੇ ਚਿੰਤਤ ਹੈ। ਪੁਲਿਸ ਮੁਤਾਬਕ ਫਿਲਹਾਲ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਨਹੀਂ ਮਿਲੀ। ਪੁਲਿਸ ਨੇ ਲੋਕਾਂ ਨੂੰ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਣ ’ਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਲਮਾ ਜ਼ਹੀਦ 2015 ਵਿੱਚ ਪਹਿਲੀ ਵਾਰ ਸਕਾਰਬਰੋ ਸੈਂਟਰ ਤੋਂ ਸੰਸਦ ਮੈਂਬਰ ਚੁਣੀ ਗਈ ਸੀ।
















