ਰੂਸ ਦੇ ਯੂਕਰੇਨ ‘ਤੇ ਵੱਡੇ ਹਮਲੇ ‘ਚ 9 ਮੌਤਾਂ, ਕਈ ਜ਼ਖ਼ਮੀ
ਕੀਵ- ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਤਾਜ਼ਾ ਵੱਡੇ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਹਮਲਿਆਂ ਦੌਰਾਨ ਰਾਜਧਾਨੀ ਕੀਵ ਅਤੇ ਪੂਰਬੀ ਸ਼ਹਿਰ ਡਨੀਪ੍ਰੋ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ।ਯੂਕਰੇਨੀ ਅਧਿਕਾਰੀਆਂ ਮੁਤਾਬਕ ਕੀਵ ਵਿੱਚ ਇੱਕ 24 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਤੇ ਮਿਸਾਈਲ ਹਮਲਾ ਹੋਇਆ, ਜਿਸ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਕੀਵ ਦੇ ਮੇਅਰ ਵਿਤਾਲੀ ਕਲਿਚਕੋ ਨੇ ਕਿਹਾ ਕਿ ਮਲਬੇ ਹੇਠਾਂ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ।
ਹਮਲੇ ਵਿੱਚ ਕੀਵ ਵਿੱਚ ਘੱਟੋ-ਘੱਟ 14 ਲੋਕ ਜ਼ਖ਼ਮੀ ਹੋਏ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਪੋਡਿਲ ਜ਼ਿਲ੍ਹੇ ਵਿੱਚ ਇੱਕ ਗੈਰ-ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਦਕਿ ਮਿਸਾਈਲ ਦੇ ਮਲਬੇ ਕਾਰਨ ਇੱਕ ਨੌਂ ਮੰਜ਼ਿਲਾ ਇਮਾਰਤ ਦੀ ਛੱਤ ਵੀ ਸੜ ਗਈ।
ਓਬੋਲੋਨ ਜ਼ਿਲ੍ਹੇ ਵਿੱਚ ਮਿਸਾਈਲ ਦੇ ਮਲਬੇ ਕਾਰਨ ਕਈ ਗੱਡੀਆਂ ਨੂੰ ਅੱਗ ਲੱਗ ਗਈ। ਕੁਝ ਖੁੱਲ੍ਹੇ ਇਲਾਕਿਆਂ ਅਤੇ ਇੱਕ ਕਿੰਡਰਗਾਰਟਨ ਨੇੜੇ ਵੀ ਅੱਗ ਲੱਗਣ ਦੀਆਂ ਖ਼ਬਰਾਂ ਮਿਲੀਆਂ ਹਨ।ਹਮਲਿਆਂ ਤੋਂ ਬਾਅਦ ਦੇਸ਼ ਦੇ ਵੱਡੇ ਹਿੱਸੇ ਵਿੱਚ ਏਅਰ ਰੇਡ ਸਾਇਰਨ ਵੱਜਣ ਲੱਗ ਪਏ, ਜਿਸ ਕਾਰਨ ਹਜ਼ਾਰਾਂ ਲੋਕ ਮੈਟਰੋ ਸਟੇਸ਼ਨਾਂ ਅਤੇ ਅੰਡਰਗ੍ਰਾਊਂਡ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਏ।
ਡਨੀਪ੍ਰੋ ਖੇਤਰ ਦੇ ਗਵਰਨਰ ਓਲੇਕਸਾਂਦਰ ਹੰਜ਼ਾ ਨੇ ਦੱਸਿਆ ਕਿ ਉੱਥੇ ਹੋਏ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋਏ ਹਨ। ਇੱਕ ਦੋ-ਮੰਜ਼ਿਲਾ ਇਮਾਰਤ ਅੰਸ਼ਿਕ ਤੌਰ ‘ਤੇ ਤਬਾਹ ਹੋ ਗਈ, ਜਦਕਿ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।
ਉੱਤਰੀ-ਪੂਰਬੀ ਖਾਰਕੀਵ ਖੇਤਰ ਵਿੱਚ ਵੀ ਰਾਤ ਭਰ ਹੋਈ ਗੋਲਾਬਾਰੀ ਦੌਰਾਨ ਇੱਕ 11 ਸਾਲਾ ਲੜਕੀ ਸਮੇਤ ਛੇ ਲੋਕ ਜ਼ਖ਼ਮੀ ਹੋਏ ਹਨ।ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪਹਿਲਾਂ ਹੀ ਵੱਡੇ ਰੂਸੀ ਹਮਲੇ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਖੁਫੀਆ ਜਾਣਕਾਰੀਆਂ ਮੁਤਾਬਕ ਰੂਸ ਵੱਡੇ ਪੱਧਰ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਅਤੇ ਯੂਕਰੇਨੀ ਫੌਜ ਹਰ ਵੇਲੇ ਤਿਆਰ ਹੈ।
ਰੂਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਕੀਵ ਵਿੱਚ ਫੌਜੀ ਅਤੇ ਫੈਸਲਾ ਕਰਨ ਵਾਲੇ ਕੇਂਦਰਾਂ ‘ਤੇ “ਵਿਉਂਤਬੱਧ ਹਮਲੇ” ਕਰੇਗਾ। ਮਾਸਕੋ ਦਾ ਦਾਅਵਾ ਹੈ ਕਿ ਇਹ ਕਾਰਵਾਈ ਰੂਸ-ਨਿਯੰਤਰਿਤ ਲੁਹਾਂਸਕ ਖੇਤਰ ਵਿੱਚ ਪਿਛਲੇ ਮਹੀਨੇ ਹੋਏ ਡਰੋਨ ਹਮਲੇ ਦੇ ਜਵਾਬ ਵਜੋਂ ਕੀਤੀ ਜਾ ਰਹੀ ਹੈ, ਜਿਸ ਵਿੱਚ 21 ਲੋਕ ਮਾਰੇ ਗਏ ਸਨ। ਯੂਕਰੇਨ ਨੇ ਇਸ ਹਮਲੇ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕੀਤਾ ਹੈ।ਫਰਵਰੀ 2022 ਵਿੱਚ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਨੂੰ ਹੁਣ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਦੋਵੇਂ ਦੇਸ਼ ਇਕ-ਦੂਜੇ ‘ਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਉਂਦੇ ਰਹੇ ਹਨ।
















