ਮਾਇਆਵਤੀ ਵੱਲੋਂ ‘ਘੂਸਖ਼ੋਰ ਪੰਡਿਤ’ ਫ਼ਿਲਮ ’ਤੇ ਪਾਬੰਦੀ ਦੀ ਮੰਗ
ਬ੍ਰਾਹਮਣ ਭਾਈਚਾਰੇ ਦੀ ਬੇਅਦਬੀ ਦਾ ਦੋਸ਼, ਐੱਫਆਈਆਰ ਦਰਜ
ਲਖਨਊ-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਫ਼ਿਲਮ ‘ਘੂਸਖ਼ੋਰ ਪੰਡਿਤ’ ਵਿੱਚ ਬ੍ਰਾਹਮਣ ਭਾਈਚਾਰੇ ਦੀ ਕਥਿਤ ਬੇਅਦਬੀ ਦੀ ਸਖ਼ਤ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਇਸ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਆਪਣੇ ਅਧਿਕਾਰਤ ‘X’ ਹੈਂਡਲ ’ਤੇ ਜਾਰੀ ਬਿਆਨ ਵਿੱਚ ਮਾਇਆਵਤੀ ਨੇ ਕਿਹਾ ਕਿ ‘ਪੰਡਿਤ’ ਸ਼ਬਦ ਨੂੰ ਫ਼ਿਲਮ ਵਿੱਚ ਨਕਾਰਾਤਮਕ ਢੰਗ ਨਾਲ ਦਰਸਾਇਆ ਜਾਣਾ “ਦੁੱਖ ਅਤੇ ਚਿੰਤਾ ਦਾ ਵਿਸ਼ਾ” ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਨਾਲ ਨਾ ਸਿਰਫ਼ ਉੱਤਰ ਪ੍ਰਦੇਸ਼, ਸਗੋਂ ਦੇਸ਼ ਭਰ ਵਿੱਚ ਬ੍ਰਾਹਮਣ ਭਾਈਚਾਰੇ ਦੀ ਬੇਇੱਜ਼ਤੀ ਹੋ ਰਹੀ ਹੈ।
ਮਾਇਆਵਤੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਬ੍ਰਾਹਮਣ ਭਾਈਚਾਰੇ ਵਿੱਚ ਭਾਰੀ ਰੋਸ ਹੈ ਅਤੇ ਬਸਪਾ ਇਸ ਦੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਜਿਹੀ “ਜਾਤੀਵਾਦੀ” ਫ਼ਿਲਮ ’ਤੇ ਤੁਰੰਤ ਰੋਕ ਲਗਾਵੇ।
ਇਸ ਦਰਮਿਆਨ, ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਫ਼ਿਲਮ ਦੇ ਨਿਰਦੇਸ਼ਕ ਅਤੇ ਉਸਦੀ ਟੀਮ ਵਿਰੁੱਧ ਇੱਕ ਵਿਸ਼ੇਸ਼ ਜਾਤੀ ਦਾ ਅਪਮਾਨ ਕਰਨ ਅਤੇ ਸਮਾਜਿਕ ਦੁਸ਼ਮਣੀ ਨੂੰ ਵਧਾਵਾ ਦੇਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਅਨੁਸਾਰ, ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 196, 352 ਅਤੇ 353 ਦੇ ਨਾਲ ਨਾਲ ਸੂਚਨਾ ਤਕਨਾਲੋਜੀ (ਸੋਧ) ਐਕਟ ਦੀ ਧਾਰਾ 66 ਅਧੀਨ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
















