ਮਨੁੱਖੀ ਤਸਕਰੀ ਖ਼ਿਲਾਫ਼ ਵਿਸ਼ਵ ਦਿਵਸ: ਅਲਬਰਟਾ ਸਰਕਾਰ ਵੱਲੋਂ 1.1 ਕਰੋੜ ਡਾਲਰ ਤੋਂ ਵੱਧ ਦੀ ਮਦਦ

ਮਨੁੱਖੀ ਤਸਕਰੀ ਖ਼ਿਲਾਫ਼ ਵਿਸ਼ਵ ਦਿਵਸ: ਅਲਬਰਟਾ ਸਰਕਾਰ ਵੱਲੋਂ 1.1 ਕਰੋੜ ਡਾਲਰ ਤੋਂ ਵੱਧ ਦੀ ਮਦਦ

ਅਲਬਰਟਾ: ਮਨੁੱਖੀ ਤਸਕਰੀ ਖ਼ਿਲਾਫ਼ ਵਿਸ਼ਵ ਦਿਵਸ ਮੌਕੇ ਅਲਬਰਟਾ ਸਰਕਾਰ ਦੇ ਮੰਤਰੀਆਂ ਅਤੇ ਅਲਬਰਟਾ ਸੈਂਟਰ ਟੂ ਐਂਡ ਟ੍ਰੈਫਿਕਿੰਗ ਇਨ ਪਰਸਨਜ਼ ਦੇ ਚੇਅਰ ਪੌਲ ਬ੍ਰਾਂਟ ਨੇ ਮਨੁੱਖੀ ਤਸਕਰੀ ਨੂੰ ਗੰਭੀਰ ਅਪਰਾਧ ਕਰਾਰ ਦਿੰਦਿਆਂ ਇਸ ਖ਼ਿਲਾਫ਼ ਸਾਂਝੇ ਤੌਰ ’ਤੇ ਲੜਾਈ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।ਅਲਬਰਟਾ ਸਰਕਾਰ ਮੁਤਾਬਕ 2023 ਤੋਂ ਹੁਣ ਤੱਕ 1.1 ਕਰੋੜ ਡਾਲਰ ਤੋਂ ਵੱਧ ਦੀ ਫੰਡਿੰਗ ਸੂਬੇ ਭਰ ਦੀਆਂ ਮਨੁੱਖੀ ਤਸਕਰੀ ਵਿਰੋਧੀ ਸੰਸਥਾਵਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸ ਰਕਮ ਰਾਹੀਂ ਪੀੜਤਾਂ ਲਈ ਉਨ੍ਹਾਂ ਦੇ ਤਜਰਬਿਆਂ ਅਤੇ ਮਾਨਸਿਕ ਸਦਮੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਾਇਤਾ ਸੇਵਾਵਾਂ ਦਾ ਨੈੱਟਵਰਕ ਮਜ਼ਬੂਤ ਕੀਤਾ ਜਾ ਰਿਹਾ ਹੈ।

ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਿਜ਼ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਮਨੁੱਖੀ ਤਸਕਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਭਿਆਨਕ ਅਪਰਾਧ ਹੈ, ਜਿਸ ਦਾ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕਮਿਊਨਿਟੀਆਂ ’ਤੇ ਲੰਬੇ ਸਮੇਂ ਤੱਕ ਗੰਭੀਰ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਮਿਲ ਕੇ ਸੇਵਾਵਾਂ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਦੀ ਰਹੇਗੀ।ਆਰਟਸ, ਕਲਚਰ ਅਤੇ ਸਟੇਟਸ ਆਫ ਵੂਮੈਨ ਮੰਤਰੀ ਤਾਨਿਆ ਫ਼ਿਰ ਨੇ ਕਿਹਾ ਕਿ ਲਿੰਗ ਆਧਾਰਿਤ ਹਿੰਸਾ ਅਤੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਾਗਰੂਕਤਾ ਵਧਾਉਣ, ਪੀੜਤਾਂ ਦੀ ਮਦਦ ਕਰਨ ਅਤੇ ਸ਼ੋਸ਼ਣ ਨੂੰ ਹੋਣ ਤੋਂ ਪਹਿਲਾਂ ਰੋਕਣ ਲਈ ਸਾਂਝੇ ਉਪਰਾਲੇ ਜ਼ਰੂਰੀ ਹਨ।

ਚਿਲਡਰਨ ਐਂਡ ਫੈਮਿਲੀ ਸਰਵਿਸਿਜ਼ ਮੰਤਰੀ ਸੀਅਰਲ ਟਰਟਨ ਨੇ ਖ਼ਾਸ ਚਿੰਤਾ ਜਤਾਈ ਕਿ ਬੱਚੇ ਅਤੇ ਨੌਜਵਾਨ ਅਕਸਰ ਮਨੁੱਖੀ ਤਸਕਰੀ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਗਰੂਕਤਾ ਅਤੇ ਰੋਕਥਾਮ ਦੇ ਉਪਰਾਲਿਆਂ ਦੇ ਨਾਲ ਮਹਿਲਾ ਸ਼ੈਲਟਰਾਂ, ਜਿਨਸੀ ਹਮਲਿਆਂ ਨਾਲ ਸਬੰਧਤ ਕੇਂਦਰਾਂ ਅਤੇ ਬੱਚਿਆਂ ਤੇ ਨੌਜਵਾਨਾਂ ਲਈ ਸਹਾਇਤਾ ਕੇਂਦਰਾਂ ਰਾਹੀਂ ਪੀੜਤਾਂ ਦੀ ਮਦਦ ਮਜ਼ਬੂਤ ਕਰ ਰਹੀ ਹੈ।

ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਮਨੁੱਖੀ ਤਸਕਰੀ ਕਮਿਊਨਿਟੀਆਂ ਤੋਂ ਦੂਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਕੈਨੇਡਾ ਭਰ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਭਾਵ ਖ਼ਾਸ ਤੌਰ ’ਤੇ ਇੰਡੀਜੀਨਸ ਮਹਿਲਾਵਾਂ, ਲੜਕੀਆਂ ਅਤੇ ਟੂ-ਸਪਿਰਿਟ ਪਲੱਸ ਲੋਕਾਂ ’ਤੇ ਵੱਧ ਪੈਂਦਾ ਹੈ। ਉਨ੍ਹਾਂ ਅਨੁਸਾਰ ਸੁਰੱਖਿਅਤ ਕਮਿਊਨਿਟੀਆਂ ਬਣਾਉਣ ਲਈ ਸ਼ੋਸ਼ਣ ਅਤੇ ਹਿੰਸਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ।ਅਲਬਰਟਾ ਸੈਂਟਰ ਟੂ ਐਂਡ ਟ੍ਰੈਫਿਕਿੰਗ ਇਨ ਪਰਸਨਜ਼ ਦੇ ਚੇਅਰ ਪੌਲ ਬ੍ਰਾਂਟ ਨੇ ਕਿਹਾ ਕਿ ਮਨੁੱਖੀ ਤਸਕਰੀ ਅਕਸਰ ਆਮ ਜ਼ਿੰਦਗੀ ਵਿੱਚ ਨਜ਼ਰ ਨਹੀਂ ਆਉਂਦੀ ਅਤੇ ਕਈ ਵਾਰ ਆਨਲਾਈਨ ਠੱਗੀਆਂ ਦੇ ਪਿੱਛੇ ਲੁਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਅੰਕੜੇ ਦੇ ਪਿੱਛੇ ਇੱਕ ਇਨਸਾਨ ਹੈ, ਜਿਸ ਨੂੰ ਆਜ਼ਾਦੀ ਅਤੇ ਸੁਰੱਖਿਆ ਨਾਲ ਜੀਣ ਦਾ ਪੂਰਾ ਹੱਕ ਹੈ।ਉਨ੍ਹਾਂ ਦੱਸਿਆ ਕਿ ਸੰਸਥਾ ਸਰਕਾਰ, ਮੈਦਾਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਏਜੰਸੀਆਂ ਅਤੇ ਲੋਕਾਂ ਨਾਲ ਮਿਲ ਕੇ ਜਿਨਸੀ ਤਸਕਰੀ, ਮਜ਼ਦੂਰੀ ਤਸਕਰੀ ਅਤੇ ਅੰਗਾਂ ਦੀ ਤਸਕਰੀ ਖ਼ਿਲਾਫ਼ ਕੰਮ ਕਰ ਰਹੀ ਹੈ। ਇਸ ਸਾਲ ਦਾ ਵਿਸ਼ਾ ‘ਠੱਗੀ ਦੇ ਪਿੱਛੇ ਫਸੇ’ ਰੱਖਿਆ ਗਿਆ ਹੈ, ਜਿਸ ਰਾਹੀਂ ਜ਼ਬਰਦਸਤੀ ਅਪਰਾਧਾਂ ਵਿੱਚ ਧੱਕੇ ਜਾਣ ਵਾਲੇ ਪੀੜਤਾਂ ਦੀ ਸੁਰੱਖਿਆ ਅਤੇ ਸ਼ੋਸ਼ਣ ਦੇ ਨੈੱਟਵਰਕ ਨੂੰ ਖ਼ਤਮ ਕਰਨ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।