ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੌਸਮ ਦੀ ਕਰਵਟ, ਦੋ ਦਿਨ ਗੜੇਮਾਰੀ ਦਾ ਅਲਰਟ
The India Meteorological Department has forecast rain, thunderstorms and strong winds across Punjab, Haryana and Chandigarh from October 29 to 31, 2026, with hailstorms possible at isolated locations.
ਚੰਡੀਗੜ੍ਹ-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਕਈ ਇਲਾਕਿਆਂ ਵਿੱਚ ਕਾਲੀਆਂ ਘਟਾਵਾਂ ਛਾਈਆਂ ਰਹੀਆਂ ਅਤੇ ਰੁਕ-ਰੁਕ ਕੇ ਬੂੰਦਾ-ਬਾਂਦੀ ਹੋਈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ 29 ਤੋਂ 31 ਅਕਤੂਬਰ ਤੱਕ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਕੁਝ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਵੀ ਹੈ। ਵਿਭਾਗ ਨੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਝੱਖੜ ਝੁੱਲਣ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 29 ਅਤੇ 30 ਅਕਤੂਬਰ ਨੂੰ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਹਰਿਆਣਾ ਦੇ ਬਹੁਤੇ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਇਹ ਤਬਦੀਲੀ ਆਈ ਹੈ।
ਤੇਜ਼ ਹਵਾਵਾਂ, ਮੀਂਹ ਅਤੇ ਗੜੇਮਾਰੀ ਕਾਰਨ ਖੜ੍ਹੀਆਂ ਫ਼ਸਲਾਂ ਅਤੇ ਮੰਡੀਆਂ ਵਿੱਚ ਪਈ ਵੱਢੀ ਹੋਈ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਦਰੱਖਤਾਂ ਦੀਆਂ ਟਾਹਣੀਆਂ ਟੁੱਟਣ, ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਸੜਕਾਂ ’ਤੇ ਪਾਣੀ ਭਰਨ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੱਢੀ ਹੋਈ ਫ਼ਸਲ ਸੁਰੱਖਿਅਤ ਅਤੇ ਸੁੱਕੀਆਂ ਥਾਵਾਂ ’ਤੇ ਰੱਖਣ ਦੀ ਸਲਾਹ ਦਿੱਤੀ ਹੈ। ਮੀਂਹ ਅਤੇ ਤੇਜ਼ ਹਵਾਵਾਂ ਦੇ ਮੱਦੇਨਜ਼ਰ ਸਿੰਜਾਈ, ਖਾਦਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਨੂੰ ਫਿਲਹਾਲ ਟਾਲਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਗਰਜ-ਚਮਕ ਦੌਰਾਨ ਖੁੱਲ੍ਹੇ ਮੈਦਾਨਾਂ ਵਿੱਚ ਜਾਣ ਤੋਂ ਬਚਣ ਅਤੇ ਸੁਰੱਖਿਅਤ ਇਮਾਰਤਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।














