ਪੰਜਾਬ ਸਰਕਾਰ ਕਰੇਗੀ ਕੈਬਨਿਟ ਵਿੱਚ ਫੇਰਬਦਲ, ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ
ਲੁਧਿਆਣਾ-19 ਜੂਨ ਨੂੰ ਹੋਈ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਤਾਂ ਪਾਰਟੀ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਕੈਬਨਿਟ ਵਿੱਚ ਫੇਰ-ਬਦਲ ਕਰਨ ਜਾ ਰਹੇ ਹਨ ਕਿਉਂਕਿ ਸੰਜੀਵ ਅਰੋੜਾ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹੋਰ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ ਤੇ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ। ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਜਿਸ ਕਾਰਨ ਮੰਤਰੀਆਂ ਦੇ ਸਾਹ ਸੁੱਕੇ ਹੋਏ ਹਨ। ਜ਼ਿਕਰਯੋਗ ਹੈ ਲੁਧਿਆਣਾ ਚੋਣ ਪ੍ਰਚਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਤ ਮਗਰੋਂ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਏਗਾ। ਇਸ ਲਈ ਜਲਦ ਹੀ ਪੰਜਾਬ ਕੈਬਨਿਟ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸੇ ਹਫ਼ਤੇ ਦੌਰਾਨ ਹੀ ਕੈਬਨਿਟ ਵਿੱਚ ਫੇਰਬਦਲ ਹੋ ਸਕਦਾ ਹੈ। ਪਾਰਟੀ ਦੇ ਅੰਦਰ ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕੁਝ ਲੀਡਰਾਂ ਵੱਲੋਂ ਇਸ ਸਬੰਧੀ ਭੱਜ-ਦੌੜ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਸੰਜੀਵ ਅਰੋੜਾ ਤੋਂ ਇਲਾਵਾ ਮਾਲਵਾ ਖ਼ਿੱਤੇ ’ਚੋਂ ਤਿੰਨ ’ਚੋਂ ਦੋ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਦੀ ਚਰਚਾ ਹੈ। ਕੈਬਨਿਟ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਇੱਕ ਮਹਿਲਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸੰਜੀਵ ਅਰੋੜਾ ਨੂੰ ਸ਼ਹਿਰੀ ਖੇਤਰ ਨਾਲ ਸਬੰਧਤ ਵਿਭਾਗ ਦਿੱਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਝ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪਾਰਟੀ ਨਾਖ਼ੁਸ਼ ਹੈ। ਮੰਤਰੀਆਂ ਤੋਂ ਇਹ ਵਿਭਾਗ ਵਾਪਸ ਲਏ ਜਾ ਸਕਦੇ ਹਨ।
















