ਨੋਵਾ ਸਕੋਸ਼ੀਆ ਦੇ ਸ਼ੈਲਟਰ ਵੱਲੋਂ 2,000 ਤੋਂ ਵੱਧ ਲੋਕਾਂ ਨੂੰ ਥੈਂਕਸਗਿਵਿੰਗ ਦਾ ਮੁਫ਼ਤ ਭੋਜਨ

Souls Harbour Rescue Mission in Halifax, Nova Scotia, served more than 2,000 free Thanksgiving meals on October 9, 2026.

ਨੋਵਾ ਸਕੋਸ਼ੀਆ ਦੇ ਸ਼ੈਲਟਰ ਵੱਲੋਂ 2,000 ਤੋਂ ਵੱਧ ਲੋਕਾਂ ਨੂੰ ਥੈਂਕਸਗਿਵਿੰਗ ਦਾ ਮੁਫ਼ਤ ਭੋਜਨ

ਨੋਵਾ ਸਕੋਸ਼ੀਆ -ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿੱਚ ਸਥਿਤ ‘ਸੋਲਜ਼ ਹਾਰਬਰ ਰੈਸਕਿਊ ਮਿਸ਼ਨ’ ਵੱਲੋਂ ਥੈਂਕਸਗਿਵਿੰਗ ਮੌਕੇ 2,000 ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਗਿਆ। ਗੈਰ-ਮੁਨਾਫ਼ਾ ਸੰਸਥਾ ਵੱਲੋਂ 9 ਅਕਤੂਬਰ ਨੂੰ ਛੁੱਟੀਆਂ ਦੇ ਹਫ਼ਤੇ ਦੀ ਸ਼ੁਰੂਆਤ ਤੋਂ ਪਹਿਲਾਂ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜਿਸ ਦੌਰਾਨ ਲੋਕਾਂ ਨੂੰ ਟਰਕੀ ਸਮੇਤ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਗਏ।

ਸੰਸਥਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਮਿਸ਼ੇਲ ਪੋਰਟਰ ਨੇ ਦੱਸਿਆ ਕਿ ਸੰਸਥਾ ਦੇ ਸੂਬੇ ਭਰ ਵਿੱਚ 14 ਕੇਂਦਰ ਹਨ, ਜਿਨ੍ਹਾਂ ਵਿੱਚੋਂ ਨੌਂ ਕੇਂਦਰਾਂ ਵੱਲੋਂ ਥੈਂਕਸਗਿਵਿੰਗ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਸਾਲ ਯਾਰਮਾਊਥ ਅਤੇ ਡਾਰਟਮਾਊਥ ਵਿੱਚ ਦੋ ਨਵੇਂ ਕੇਂਦਰ ਵੀ ਖੋਲ੍ਹੇ ਗਏ ਹਨ, ਜਿੱਥੇ ਪਹਿਲੀ ਵਾਰ ਇਹ ਵਿਸ਼ੇਸ਼ ਭੋਜਨ ਵੰਡਿਆ ਗਿਆ।

ਪੋਰਟਰ ਮੁਤਾਬਕ, ਮਹਿੰਗਾਈ ਅਤੇ ਵਧ ਰਹੇ ਰਹਿਣ-ਸਹਿਣ ਦੇ ਖਰਚਿਆਂ ਕਾਰਨ ਵੱਧ ਤੋਂ ਵੱਧ ਲੋਕਾਂ ਨੂੰ ਭੋਜਨ ਸਹਾਇਤਾ ਦੀ ਲੋੜ ਪੈ ਰਹੀ ਹੈ। ਸੰਸਥਾ ਹਰ ਹਫ਼ਤੇ ਸੈਂਕੜੇ ਲੋਕਾਂ ਨੂੰ ਭੋਜਨ ਦਿੰਦੀ ਹੈ, ਪਰ ਹੁਣ ਇਹ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਵਧ ਗਈ ਹੈ।

ਸੰਸਥਾ ਤੋਂ ਨਿਯਮਿਤ ਤੌਰ ’ਤੇ ਭੋਜਨ ਪ੍ਰਾਪਤ ਕਰਨ ਵਾਲੀ ਲੌਰੀ ਥਿਬੋਡੋ ਨੇ ਸਟਾਫ਼ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਲੋਕਾਂ ਨੂੰ ਆਪਣੇ ਘਰ ਵਰਗਾ ਅਹਿਸਾਸ ਹੁੰਦਾ ਹੈ। ਪੋਰਟਰ ਨੇ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਲੋਕਾਂ ਦੀ ਮਦਦ ਕਰਕੇ ਖ਼ੁਸ਼ੀ ਹੁੰਦੀ ਹੈ, ਪਰ ਇਹ ਗੱਲ ਚਿੰਤਾਜਨਕ ਵੀ ਹੈ ਕਿ ਇੰਨੇ ਲੋਕਾਂ ਨੂੰ ਮੁਫ਼ਤ ਭੋਜਨ ਦੀ ਲੋੜ ਪੈ ਰਹੀ ਹੈ।