ਨਾਰਥ ਵੈਨਕੂਵਰ ਵਿੱਚ ਬੇਘਰ ਲੋਕਾਂ ਲਈ ਨਵੇਂ ਅਸਥਾਈ ਘਰ ਬਣਾਏ ਜਾਣਗੇ
ਵੈਨਕੂਵਰ/ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਡਿਸਟ੍ਰਿਕਟ ਆਫ ਨਾਰਥ ਵੈਨਕੂਵਰ ਵੱਲੋਂ ਬੇਘਰਤਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਨਵੇਂ ਅਸਥਾਈ ਘਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਨਾਰਥ ਵੈਨਕੂਵਰ ਵਿੱਚ 40 ਤੱਕ ਅਸਥਾਈ ਰਿਹਾਇਸ਼ ਇਕਾਈਆਂ ਬਣਾਈਆਂ ਜਾਣਗੀਆਂ।
ਸੂਬੇ ਦੀ ਹਾਊਸਿੰਗ ਅਤੇ ਮਿਊਂਸਪਲ ਮਾਮਲੇ ਮੰਤਰੀ ਕ੍ਰਿਸਟੀਨ ਬੋਇਲ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਈਚਾਰੇ ਵਿੱਚ ਬੇਘਰਤਾ ਘਟਾਉਣ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਨਵੇਂ ਅਸਥਾਈ ਘਰ ਬੇਘਰ ਲੋਕਾਂ ਨੂੰ ਸੁਰੱਖਿਅਤ ਅਤੇ ਸਹਾਇਕ ਥਾਂ ਪ੍ਰਦਾਨ ਕਰਨਗੇ, ਜਦਕਿ ਭਵਿੱਖ ਵਿੱਚ ਸਥਾਈ ਸਹਾਇਕ ਰਿਹਾਇਸ਼ ਯੋਜਨਾਵਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।ਇਹ ਘਰ 1182 ਵੇਲਚ ਸਟਰੀਟ ਵਿਖੇ ਖਾਲੀ ਪਈ ਜ਼ਮੀਨ ਉੱਤੇ ਬਣਾਏ ਜਾਣ ਦੀ ਯੋਜਨਾ ਹੈ। ਪ੍ਰੋਜੈਕਟ ਨੂੰ “ਹਾਰਟ” ਅਤੇ “ਹਾਰਥ” ਪ੍ਰੋਗਰਾਮਾਂ ਦੇ ਤਹਿਤ ਅੱਗੇ ਵਧਾਇਆ ਜਾਵੇਗਾ।
ਨਾਰਥ ਵੈਨਕੂਵਰ ਦੇ ਮੇਅਰ ਮਾਈਕ ਲਿਟਲ ਨੇ ਕਿਹਾ ਕਿ ਇਹ ਯੋਜਨਾ ਭਾਈਚਾਰੇ ਦੇ ਸਭ ਤੋਂ ਨਾਜ਼ੁਕ ਵਰਗਾਂ ਲਈ ਸਹਾਇਤਾ ਅਤੇ ਸਥਿਰਤਾ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਲੋਕਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਬੇਘਰਤਾ ਦਾ ਸਾਹਮਣਾ ਕਰ ਰਹੇ ਹਨ ਜਾਂ ਇਸ ਦੇ ਖਤਰੇ ਹੇਠ ਹਨ।
ਪ੍ਰਸਤਾਵਿਤ ਘਰਾਂ ਵਿੱਚ ਰਹਿਣ ਵਾਲਿਆਂ ਲਈ 24 ਘੰਟੇ ਸਟਾਫ ਦੀ ਸੇਵਾ, ਦਿਨ ਵਿੱਚ ਦੋ ਵਾਰ ਭੋਜਨ, ਹੁਨਰ ਸਿਖਲਾਈ ਅਤੇ ਸਿਹਤ ਸਹਾਇਤਾ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸੁਰੱਖਿਆ ਲਈ ਫੈਂਸਿੰਗ, ਕੈਮਰਾ ਨਿਗਰਾਨੀ ਅਤੇ ਇੱਕ ਨਿਯੰਤਰਿਤ ਦਾਖ਼ਲਾ ਪ੍ਰਣਾਲੀ ਵੀ ਹੋਵੇਗੀ।BC Housing ਅਤੇ Lookout Housing and Health Society ਵੱਲੋਂ ਮਿਲ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਰਿਹਾਇਸ਼ ਅਤੇ ਸਹਾਇਤਾ ਮਿਲ ਸਕੇ।ਸਰਕਾਰ ਅਨੁਸਾਰ ਇਹ ਅਸਥਾਈ ਘਰ ਉਸ ਸਮੇਂ ਤੱਕ ਪੁਲ ਵਜੋਂ ਕੰਮ ਕਰਨਗੇ ਜਦ ਤੱਕ ਭਾਈਚਾਰੇ ਵਿੱਚ ਨਵੀਆਂ ਸਥਾਈ ਸਹਾਇਕ ਰਿਹਾਇਸ਼ ਯੋਜਨਾਵਾਂ ਤਿਆਰ ਨਹੀਂ ਹੋ ਜਾਂਦੀਆਂ।
















