ਦੁਰਲੱਭ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਰਾਹਤ, 'ਸੋਟਾਟਰਸੈਪਟ' ਦਵਾਈ ਹੁਣ ਮੁਫ਼ਤ ਮਿਲੇਗੀ

ਦੁਰਲੱਭ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਰਾਹਤ, 'ਸੋਟਾਟਰਸੈਪਟ' ਦਵਾਈ ਹੁਣ ਮੁਫ਼ਤ ਮਿਲੇਗੀ

ਐਡਮੰਟਨ-ਅਲਬਰਟਾ ਸਰਕਾਰ ਨੇ ਪਲਮੋਨਰੀ ਆਰਟੀਰੀਅਲ ਹਾਈਪਰਟੈਨਸ਼ਨ (ਪੀਏਐਚ) ਨਾਮਕ ਦੁਰਲੱਭ ਅਤੇ ਗੰਭੀਰ ਬਿਮਾਰੀ ਨਾਲ ਪੀੜਤ ਮਰੀਜ਼ਾਂ ਲਈ ਇੱਕ ਅਹਿਮ ਕਦਮ ਚੁੱਕਦਿਆਂ ਸੋਟਾਟਰਸੈਪਟ (Sotatercept) ਦਵਾਈ ਨੂੰ ਆਪਣੇ ਵਿਸ਼ੇਸ਼ ਉੱਚ-ਲਾਗਤ ਦਵਾਈ ਪ੍ਰੋਗਰਾਮ ਅਧੀਨ ਕਵਰ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਯੋਗ ਮਰੀਜ਼ਾਂ ਨੂੰ ਇਹ ਇਲਾਜ ਬਿਨਾਂ ਕਿਸੇ ਖਰਚੇ ਦੇ ਉਪਲਬਧ ਹੋਵੇਗਾ।

ਸੋਟਾਟਰਸੈਪਟ ਪਲਮੋਨਰੀ ਆਰਟੀਰੀਅਲ ਹਾਈਪਰਟੈਨਸ਼ਨ ਲਈ ਪਹਿਲੀ ਅਜਿਹੀ ਦਵਾਈ ਹੈ ਜੋ ਸਿਰਫ਼ ਲੱਛਣਾਂ ਦਾ ਇਲਾਜ ਕਰਨ ਦੀ ਬਜਾਏ ਬਿਮਾਰੀ ਦੇ ਮੂਲ ਕਾਰਨ ਨੂੰ ਨਿਸ਼ਾਨਾ ਬਣਾਉਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਰੀਜ਼ਾਂ ਦੀ ਸਰੀਰਕ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆ ਸਕਦਾ ਹੈ।ਪਲਮੋਨਰੀ ਆਰਟੀਰੀਅਲ ਹਾਈਪਰਟੈਨਸ਼ਨ ਇੱਕ ਦੁਰਲੱਭ ਪਰ ਗੰਭੀਰ ਬਿਮਾਰੀ ਹੈ, ਜਿਸ ਕਾਰਨ ਫੇਫੜਿਆਂ ਦੀਆਂ ਧਮਨੀਆਂ ਵਿੱਚ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਸਮੇਂ ਦੇ ਨਾਲ ਇਹ ਦਿਲ ਦੇ ਸੱਜੇ ਹਿੱਸੇ ਉੱਤੇ ਵਾਧੂ ਦਬਾਅ ਪੈਦਾ ਕਰਦੀ ਹੈ, ਜਿਸ ਨਾਲ ਦਿਲ ਦੀ ਨਾਕਾਮੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਬਿਮਾਰੀ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਹੈ ਅਤੇ ਇਹ ਮਰੀਜ਼ ਦੀ ਜਾਨ ਲਈ ਵੀ ਖ਼ਤਰਾ ਬਣ ਸਕਦੀ ਹੈ।

ਅਲਬਰਟਾ ਦੇ ਪ੍ਰਾਇਮਰੀ ਅਤੇ ਪ੍ਰੀਵੇਂਟਿਵ ਹੈਲਥ ਸਰਵਿਸਿਜ਼ ਮੰਤਰੀ ਜਸਟਿਨ ਰਾਈਟ ਨੇ ਕਿਹਾ ਕਿ ਇਹ ਬਿਮਾਰੀ ਨਾ ਸਿਰਫ਼ ਮਰੀਜ਼ਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਉਂਦੀ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਵੀ ਵੱਡੀ ਚੁਣੌਤੀ ਬਣਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਕਵਰੇਜ ਨਾਲ ਮਰੀਜ਼ਾਂ ਨੂੰ ਬਿਹਤਰ ਜੀਵਨ, ਨਵੀਂ ਉਮੀਦ ਅਤੇ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।ਉੱਧਰ, ਅਲਬਰਟਾ ਦੇ ਪੀਟਰ ਲੌਘੀਡ ਸੈਂਟਰ ਦੇ ਡਾਕਟਰ ਅਤੇ ਕੈਨੇਡਾ ਦੀ ਪਲਮੋਨਰੀ ਹਾਈਪਰਟੈਨਸ਼ਨ ਐਸੋਸੀਏਸ਼ਨ ਦੇ ਬੋਰਡ ਮੈਂਬਰ ਡਾ. ਮਿਤੇਸ਼ ਠਾਕਰਾਰ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਵਾਈ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਆਸ ਜਤਾਈ ਕਿ ਇਸ ਨਾਲ ਮਰੀਜ਼ਾਂ ਦੀ ਸਿਹਤ ਵਿੱਚ ਲੰਬੇ ਸਮੇਂ ਤੱਕ ਸੁਧਾਰ ਰਹੇਗਾ ਅਤੇ ਉਹ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਹੋਰ ਸਰਗਰਮ ਭੂਮਿਕਾ ਨਿਭਾ ਸਕਣਗੇ।

ਵਿਨਰੇਵੈਰ (Winrevair) ਨਾਮ ਨਾਲ ਵੀ ਜਾਣੀ ਜਾਣ ਵਾਲੀ ਸੋਟਾਟਰਸੈਪਟ ਦਵਾਈ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਕਲੀਨਿਕਲ ਅਧਿਐਨਾਂ ਅਨੁਸਾਰ ਇਹ ਦਵਾਈ ਮਰੀਜ਼ਾਂ ਦੀ ਕਸਰਤ ਕਰਨ ਦੀ ਸਮਰੱਥਾ ਵਧਾਉਣ, ਦਿਲ ਅਤੇ ਫੇਫੜਿਆਂ ਦੀ ਕਾਰਗੁਜ਼ਾਰੀ ਸੁਧਾਰਨ ਅਤੇ ਬਿਮਾਰੀ ਦੀ ਰਫ਼ਤਾਰ ਨੂੰ ਹੌਲੀ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ।ਅਲਬਰਟਾ ਸਰਕਾਰ ਅਨੁਸਾਰ ਇਹ ਦਵਾਈ ਮੌਜੂਦਾ ਇਲਾਜਾਂ ਦੇ ਨਾਲ ਮਿਲਾ ਕੇ ਦਿੱਤੀ ਜਾਵੇਗੀ, ਜਿਸ ਨਾਲ ਪਲਮੋਨਰੀ ਆਰਟੀਰੀਅਲ ਹਾਈਪਰਟੈਨਸ਼ਨ ਨਾਲ ਪੀੜਤ ਮਰੀਜ਼ਾਂ ਨੂੰ ਵਧੇਰੇ ਲਾਭ ਮਿਲ ਸਕੇਗਾ।