ਦਿੱਲੀ ’ਚ ਗੈਰ-BS-VI ਵਾਹਨਾਂ ਦੀ ਐਂਟਰੀ ’ਤੇ ਪਾਬੰਦੀ, 9 ਦਿਨਾਂ ’ਚ 16,827 ਵਾਹਨ ਸਰਹੱਦਾਂ ਤੋਂ ਮੋੜੇ
Delhi authorities turned back 16,827 non-Delhi-registered vehicles that failed to meet BS-VI emission standards during the first nine days of the entry restrictions introduced on November 1 to combat winter air pollution.
ਨਵੀਂ ਦਿੱਲੀ-ਦਿੱਲੀ ਵਿੱਚ ਸਰਦੀਆਂ ਦੌਰਾਨ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਗੈਰ-BS-VI ਮਾਪਦੰਡਾਂ ਵਾਲੇ ਵਾਹਨਾਂ ਦੀ ਐਂਟਰੀ ’ਤੇ ਲਗਾਈ ਗਈ ਪਾਬੰਦੀ ਤਹਿਤ ਪਹਿਲੇ ਨੌਂ ਦਿਨਾਂ ਵਿੱਚ 16,827 ਵਾਹਨਾਂ ਨੂੰ ਸ਼ਹਿਰ ਦੀਆਂ ਸਰਹੱਦਾਂ ਤੋਂ ਵਾਪਸ ਮੋੜਿਆ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਇਹ ਪਾਬੰਦੀ 1 ਨਵੰਬਰ ਤੋਂ 31 ਜਨਵਰੀ ਤੱਕ ਲਾਗੂ ਰਹੇਗੀ।
ਟ੍ਰੈਫਿਕ ਪੁਲਿਸ ਦੇ ਅੰਕੜਿਆਂ ਮੁਤਾਬਕ 1 ਤੋਂ 9 ਨਵੰਬਰ ਦਰਮਿਆਨ 3,877 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 696 ਵਾਹਨਾਂ ਦੇ ਚਲਾਨ ਕੀਤੇ ਗਏ। ਇਨ੍ਹਾਂ ਚਲਾਨਾਂ ਰਾਹੀਂ 1.39 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਅਤੇ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ।
ਸੋਮਵਾਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ 7,551 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 1,099 ਵਾਹਨਾਂ ਨੂੰ ਵਾਪਸ ਭੇਜਿਆ ਗਿਆ ਅਤੇ 32 ਦੇ ਚਲਾਨ ਕੀਤੇ ਗਏ। ਵਾਪਸ ਮੋੜੇ ਗਏ ਵਾਹਨਾਂ ਵਿੱਚ ਸਭ ਤੋਂ ਵੱਧ 637 ਅਜਿਹੇ ਵਾਹਨ ਸਨ, ਜਿਨ੍ਹਾਂ ਦੀ ਮੰਜ਼ਿਲ ਦਿੱਲੀ ਨਹੀਂ ਸੀ। ਇਸ ਤੋਂ ਇਲਾਵਾ 172 ਭਾਰੀ ਅਤੇ ਦਰਮਿਆਨੇ ਮਾਲਵਾਹਕ ਵਾਹਨ, 156 ਹਲਕੇ ਵਪਾਰਕ ਵਾਹਨ, 84 ਕਾਰਾਂ ਅਤੇ 47 ਦੋਪਹੀਆ ਵਾਹਨ ਵੀ ਵਾਪਸ ਭੇਜੇ ਗਏ।
ਨੌਂ ਦਿਨਾਂ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 382 ਨਿੱਜੀ ਕਾਰਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 138 ਦੋਪਹੀਆ ਵਾਹਨਾਂ, 97 ਭਾਰੀ ਅਤੇ ਦਰਮਿਆਨੇ ਮਾਲਵਾਹਕ ਵਾਹਨਾਂ ਅਤੇ 76 ਹਲਕੇ ਮਾਲਵਾਹਕ ਵਾਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ।
ਇਸੇ ਦੌਰਾਨ ਪ੍ਰਦੂਸ਼ਣ ਜਾਂਚ ਸਰਟੀਫਿਕੇਟ (PUCC) ਤੋਂ ਬਿਨਾਂ ਵਾਹਨ ਚਲਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਜਾਰੀ ਹੈ। ਸੋਮਵਾਰ ਨੂੰ ਅਜਿਹੇ 987 ਵਾਹਨਾਂ ਨੂੰ ਜੁਰਮਾਨਾ ਕੀਤਾ ਗਿਆ। ਇਸ ਸਾਲ ਹੁਣ ਤੱਕ 7,502 ਵਾਹਨਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੋਂ ਕੁੱਲ 7.50 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।














