ਭਾਰਤ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ ਪ੍ਰਧਾਨ ਮੰਤਰੀ ਨੇ ਦਿਖਾਈ ਹਰੀ ਝੰਡੀ
ਜੀਂਦ (ਹਰਿਆਣਾ)-ਭਾਰਤ ਨੇ ਸਾਫ਼ ਊਰਜਾ ਆਧਾਰਿਤ ਰੇਲ ਆਵਾਜਾਈ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਯਾਤਰੀ ਰੇਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਭਾਰਤ ਉਨ੍ਹਾਂ ਚੁਣਿੰਦਾ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਹਾਈਡ੍ਰੋਜਨ ਤਕਨੀਕ ਆਧਾਰਿਤ ਰੇਲਾਂ ਚਲ ਰਹੀਆਂ ਹਨ।ਇਹ ਟਰੇਨ ਜੀਂਦ ਤੋਂ ਸੋਨੀਪਤ ਦਰਮਿਆਨ 89 ਕਿਲੋਮੀਟਰ ਦਾ ਸਫ਼ਰ ਲਗਭਗ ਦੋ ਘੰਟਿਆਂ ਵਿੱਚ ਤੈਅ ਕਰੇਗੀ। ਰਸਤੇ ਵਿੱਚ 14 ਸਟੇਸ਼ਨਾਂ 'ਤੇ ਇਸ ਦਾ ਠਹਿਰਾਅ ਹੋਵੇਗਾ। ਟਰੇਨ ਦੀ ਅਧਿਕਤਮ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਉੱਤਰੀ ਰੇਲਵੇ ਵੱਲੋਂ ਜਲਦ ਹੀ ਇਸ ਦੀ ਵਪਾਰਕ ਸੇਵਾ ਸ਼ੁਰੂ ਕਰਨ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ।
ਹਰੀ ਝੰਡੀ ਦਿਖਾਉਣ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਵੇਂ ਭਾਰਤ ਦੀ ਪਹਿਲੀ ਰੇਲਗੱਡੀ ਮੁੰਬਈ ਅਤੇ ਠਾਣੇ ਵਿਚਾਲੇ ਚੱਲਣ ਕਰਕੇ ਇਤਿਹਾਸ ਦਾ ਹਿੱਸਾ ਬਣੀ, ਉਸੇ ਤਰ੍ਹਾਂ ਭਵਿੱਖ ਵਿੱਚ ਹਾਈਡ੍ਰੋਜਨ ਟਰੇਨਾਂ ਦੀ ਗੱਲ ਹੋਵੇਗੀ ਤਾਂ ਜੀਂਦ, ਸੋਨੀਪਤ ਅਤੇ ਹਰਿਆਣਾ ਦਾ ਨਾਮ ਵੀ ਯਾਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 19ਵੀਂ ਸਦੀ ਭਾਫ਼ ਵਾਲੇ ਇੰਜਣਾਂ ਦੀ, 20ਵੀਂ ਸਦੀ ਡੀਜ਼ਲ ਅਤੇ ਬਿਜਲੀ ਵਾਲੀਆਂ ਰੇਲਾਂ ਦੀ ਰਹੀ, ਜਦਕਿ 21ਵੀਂ ਸਦੀ ਹਾਈਡ੍ਰੋਜਨ ਤਕਨੀਕ ਦੀ ਹੋਵੇਗੀ। ਭਾਰਤੀ ਰੇਲਵੇ ਨੇ ਇਸ ਖੇਤਰ ਵਿੱਚ ਵੱਡੀ ਤਕਨੀਕੀ ਉਪਲਬਧੀ ਹਾਸਲ ਕੀਤੀ ਹੈ।10 ਕੋਚਾਂ ਵਾਲੀ ਇਸ ਟਰੇਨ ਵਿੱਚ ਅੱਠ ਯਾਤਰੀ ਕੋਚ ਅਤੇ ਦੋ ਡਰਾਈਵਿੰਗ ਪਾਵਰ ਕਾਰਾਂ ਹਨ। 3,200 ਹਾਰਸ ਪਾਵਰ ਵਾਲੀ ਇਹ ਟਰੇਨ ਇੱਕ ਸਮੇਂ ਵਿੱਚ 2,600 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ। ਟਰੇਨ ਰੋਜ਼ਾਨਾ ਦੋ ਆਉਣ-ਜਾਣ ਦੇ ਫੇਰੇ ਲਾਏਗੀ ਅਤੇ ਹਰ ਦਿਨ ਕਰੀਬ 356 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।
ਹਾਈਡ੍ਰੋਜਨ ਗੈਸ ਦੀ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਟਰੇਨ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ 15 ਹਾਈਡ੍ਰੋਜਨ ਲੀਕ ਡਿਟੈਕਟਰ, 7 ਹੀਟ ਡਿਟੈਕਟਰ ਅਤੇ 3 ਫਲੇਮ ਡਿਟੈਕਟਰ ਲਗਾਏ ਗਏ ਹਨ। ਜੇਕਰ ਕਿਤੇ ਗੈਸ ਲੀਕ ਹੋਣ ਦਾ ਸੰਕੇਤ ਮਿਲਦਾ ਹੈ ਤਾਂ ਸਿਸਟਮ ਆਪਣੇ ਆਪ ਬੰਦ ਹੋ ਜਾਵੇਗਾ।ਜੀਂਦ ਵਿੱਚ 3,000 ਕਿਲੋਗ੍ਰਾਮ ਸਮਰੱਥਾ ਵਾਲਾ ਹਾਈਡ੍ਰੋਜਨ ਸਟੋਰੇਜ ਪਲਾਂਟ ਵੀ ਤਿਆਰ ਕੀਤਾ ਗਿਆ ਹੈ। ਟਰੇਨ ਵਿੱਚ ਕੁੱਲ 440 ਕਿਲੋਗ੍ਰਾਮ ਹਾਈਡ੍ਰੋਜਨ ਸਟੋਰ ਰਹੇਗੀ, ਜਿਸ ਨੂੰ ਮੁੜ ਭਰਨ ਵਿੱਚ ਲਗਭਗ ਚਾਰ ਘੰਟੇ ਲੱਗਣਗੇ।
ਰੇਲਵੇ ਅਧਿਕਾਰੀਆਂ ਮੁਤਾਬਕ ਇਸ ਟਰੇਨ ਤੋਂ ਪ੍ਰਦੂਸ਼ਣ ਨਹੀਂ ਫੈਲੇਗਾ। ਹਾਈਡ੍ਰੋਜਨ ਫਿਊਲ ਸੈੱਲ ਰਾਹੀਂ ਬਿਜਲੀ ਤਿਆਰ ਹੋਵੇਗੀ ਅਤੇ ਨਿਕਾਸ ਵਜੋਂ ਸਿਰਫ਼ ਪਾਣੀ ਦੀ ਭਾਫ਼ ਹੀ ਬਾਹਰ ਨਿਕਲੇਗੀ। ਇਸ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਜੀਂਦ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 14,700 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਹਰਿਆਣਾ ਹਿੱਸਾ, ਜੀਂਦ-ਗੋਹਾਣਾ ਰਾਸ਼ਟਰੀ ਰਾਜਮਾਰਗ, ਅੰਬਾਲਾ-ਕਾਲਾ ਅੰਬ ਫੋਰ-ਲੇਨ ਹਾਈਵੇਅ ਅਤੇ ਕੁਰੂਕਸ਼ੇਤਰ ਵਿੱਚ ਸਿੱਖ ਅਜਾਇਬਘਰ ਵੀ ਸ਼ਾਮਲ ਹਨ।
















