ਟੰਬਲਰ ਰਿਜ ਸਕੂਲ ਗੋਲੀਬਾਰੀ: ਪ੍ਰਧਾਨ ਮੰਤਰੀ ਕਾਰਨੀ ਨੇ ਸੰਸਦ ਵਿੱਚ ਦਿੱਤਾ ਦੁੱਖ-ਸਾਂਝਾ ਸੰਦੇਸ਼

ਨੌਂ ਮੌਤਾਂ, 25 ਜ਼ਖਮੀ; ਸਿਆਸੀ ਨੇਤਾਵਾਂ ਨੇ ਪ੍ਰਗਟ ਕੀਤੀ ਏਕਤਾ

ਓਟਾਵਾ/ਟੰਬਲਰ ਰਿਜ-ਬ੍ਰਿਟਿਸ਼ ਕੋਲੰਬੀਆ ਦੇ ਦੂਰ-ਦੁਰਾਡੇ ਕਸਬੇ ਟੰਬਲਰ ਰਿਜ ਵਿੱਚ ਸੈਕੰਡਰੀ ਸਕੂਲ ਅੰਦਰ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਦੇਸ਼ ਵੱਲੋਂ ਦੁੱਖ ਅਤੇ ਏਕਤਾ ਦਾ ਸੰਦੇਸ਼ ਸਾਂਝਾ ਕੀਤਾ। ਇਸ ਭਿਆਨਕ ਘਟਨਾ ਵਿੱਚ ਨੌਂ ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋਏ ਹਨ।

ਸੰਸਦ ਵਿੱਚ ਬੋਲਦਿਆਂ ਕਾਰਨੀ ਨੇ ਕਿਹਾ ਕਿ ਇਸ ਦੁਰਘਟਨਾ ਨੇ ਪੂਰੇ ਦੇਸ਼ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਪਹਿਲੇ ਜਵਾਬਦੇਹ ਕਰਮਚਾਰੀਆਂ ਅਤੇ ਆਰਸੀਐਮਪੀ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜੋ “ਬਿਨਾਂ ਜਾਣੇ ਕਿ ਅੰਦਰ ਕੀ ਇੰਤਜ਼ਾਰ ਕਰ ਰਿਹਾ ਹੈ” ਸਕੂਲ ਵਿੱਚ ਦਾਖਲ ਹੋਏ। ਉਨ੍ਹਾਂ ਨੇ ਸਕੂਲ ਸਟਾਫ ਅਤੇ ਅਧਿਆਪਕਾਂ ਦੀ ਵੀ ਸਰਾਹਨਾ ਕੀਤੀ ਜਿਨ੍ਹਾਂ ਨੇ ਬੱਚਿਆਂ ਦੀ ਰੱਖਿਆ ਲਈ ਅਸਾਧਾਰਣ ਹਿੰਮਤ ਦਿਖਾਈ। ਕਾਰਨੀ ਨੇ ਟੰਬਲਰ ਰਿਜ ਨੂੰ ਰੌਕੀ ਪਹਾੜੀਆਂ ਦੀਆਂ ਤਲਹਟੀਆਂ ਵਿੱਚ ਵਸਿਆ ਲਗਭਗ 2,400 ਲੋਕਾਂ ਦਾ ਭਾਈਚਾਰਾ ਦੱਸਦਿਆਂ ਕਿਹਾ ਕਿ ਇਹ ਖਾਣਾਂ, ਜੰਗਲਾਤ ਅਤੇ ਮਿਹਨਤੀ ਪਰਿਵਾਰਾਂ ਦਾ ਸ਼ਹਿਰ ਹੈ, ਜੋ ਮੁਸ਼ਕਲ ਸਮਿਆਂ ਵਿੱਚ ਇਕ ਦੂਜੇ ਦੇ ਨਾਲ ਖੜ੍ਹਦਾ ਆਇਆ ਹੈ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।

“ਆਉਣ ਵਾਲੇ ਦਿਨਾਂ ਵਿੱਚ ਮੁਸ਼ਕਲ ਸਵਾਲ ਪੁੱਛੇ ਜਾਣਗੇ, ਪਰ ਇਸ ਵੇਲੇ ਸੋਗ ਮਨਾਉਣ ਅਤੇ ਪੀੜਤਾਂ ਨੂੰ ਯਾਦ ਕਰਨ ਦਾ ਸਮਾਂ ਹੈ,” ਕਾਰਨੀ ਨੇ ਕਿਹਾ। ਉਨ੍ਹਾਂ ਜੋੜਿਆ ਕਿ ਸਾਰਾ ਕੈਨੇਡਾ ਟੰਬਲਰ ਰਿਜ ਦੇ ਲੋਕਾਂ ਨਾਲ ਖੜ੍ਹਾ ਹੈ।

ਕਾਰਨੀ ਤੋਂ ਬਾਅਦ ਸੰਘੀ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਨੇ ਵੀ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਤਾ-ਪਿਤਾ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਉਸਦਾ ਬੱਚਾ ਸਕੂਲ ਤੋਂ ਘਰ ਵਾਪਸ ਨਹੀਂ ਆਵੇਗਾ।ਪੋਇਲੀਵਰ ਨੇ ਕਿਹਾ ਕਿ ਨੌਂ ਪਰਿਵਾਰ ਇਸ ਘਟਨਾ ਨਾਲ ਤਬਾਹ ਹੋ ਗਏ ਹਨ ਅਤੇ ਪੂਰਾ ਭਾਈਚਾਰਾ ਸੋਗ ਵਿੱਚ ਹੈ। ਉਨ੍ਹਾਂ ਪਹਿਲੇ ਜਵਾਬਦੇਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਉਨ੍ਹਾਂ ਦਾ ਕਰਜ਼ਦਾਰ ਰਹੇਗਾ।