ਚੰਡੀਗੜ੍ਹ ਵਿੱਚ ਰਿਹਾਇਸ਼ੀ ਪਲਾਟਾਂ ਦੀ ਨੀਲਾਮੀ, ਕੀਮਤ 16.58 ਕਰੋੜ ਰੁਪਏ ਤੱਕ

ਚੰਡੀਗੜ੍ਹ ਵਿੱਚ ਰਿਹਾਇਸ਼ੀ ਪਲਾਟਾਂ ਦੀ ਨੀਲਾਮੀ, ਕੀਮਤ 16.58 ਕਰੋੜ ਰੁਪਏ ਤੱਕ

ਚੰਡੀਗੜ੍ਹ-ਚੰਡੀਗੜ੍ਹ ਐਸਟੇਟ ਆਫਿਸ ਵੱਲੋਂ ਇਸ ਮਹੀਨੇ ਸ਼ਹਿਰ ਦੇ ਪ੍ਰਮੁੱਖ ਸੈਕਟਰਾਂ ਵਿੱਚ 10 ਫ੍ਰੀਹੋਲਡ ਰਿਹਾਇਸ਼ੀ ਪਲਾਟਾਂ ਦੀ ਈ-ਨੀਲਾਮੀ ਕਰਵਾਈ ਜਾਵੇਗੀ। ਇਨ੍ਹਾਂ ਪਲਾਟਾਂ ਦੀ ਰਾਖਵੀਂ ਕੀਮਤ 3.30 ਕਰੋੜ ਰੁਪਏ ਤੋਂ ਲੈ ਕੇ 16.58 ਕਰੋੜ ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਟ ਸੈਕਟਰ 15-ਬੀ, 20, 21, 23, 27-ਡੀ, 30-ਏ, 37-ਏ, 44 ਅਤੇ 44-ਬੀ ਵਿੱਚ ਸਥਿਤ ਹਨ। ਪਲਾਟਾਂ ਦਾ ਆਕਾਰ 100 ਵਰਗ ਗਜ਼ ਤੋਂ ਲੈ ਕੇ 500 ਵਰਗ ਗਜ਼ ਤੋਂ ਵੱਧ ਤੱਕ ਹੈ।

ਈ-ਨੀਲਾਮੀ ਸਬੰਧੀ ਨੋਟਿਸ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਅਰਨੈਸਟ ਮਨੀ ਡਿਪਾਜ਼ਿਟ (EMD) ਭਰਨ ਦੀ ਆਖ਼ਰੀ ਮਿਤੀ 23 ਜੂਨ ਹੋਵੇਗੀ, ਜਦਕਿ ਨੀਲਾਮੀ 27 ਤੋਂ 29 ਜੂਨ ਤੱਕ ਕਰਵਾਈ ਜਾਵੇਗੀ।ਨੀਲਾਮੀ ਲਈ ਰੱਖੇ ਗਏ ਪਲਾਟਾਂ ਵਿੱਚ ਸੈਕਟਰ 15-ਬੀ ਦਾ 249.375 ਵਰਗ ਗਜ਼ ਦਾ ਪਲਾਟ 8.23 ਕਰੋੜ ਰੁਪਏ, ਸੈਕਟਰ 20 ਅਤੇ 23 ਦੇ 198.33 ਵਰਗ ਗਜ਼ ਦੇ ਦੋ ਪਲਾਟ 6.54 ਕਰੋੜ ਰੁਪਏ ਪ੍ਰਤੀ ਪਲਾਟ ਅਤੇ ਸੈਕਟਰ 27-ਡੀ ਦਾ 256.666 ਵਰਗ ਗਜ਼ ਦਾ ਪਲਾਟ 8.47 ਕਰੋੜ ਰੁਪਏ ਰਾਖਵੀਂ ਕੀਮਤ ਨਾਲ ਸ਼ਾਮਲ ਹੈ।

ਇਸ ਤੋਂ ਇਲਾਵਾ ਸੈਕਟਰ 37-ਏ ਦਾ 338 ਵਰਗ ਗਜ਼ ਦਾ ਪਲਾਟ 11.16 ਕਰੋੜ ਰੁਪਏ ਵਿੱਚ ਨੀਲਾਮੀ ਲਈ ਰੱਖਿਆ ਗਿਆ ਹੈ। ਸਭ ਤੋਂ ਮਹਿੰਗੇ ਪਲਾਟਾਂ ਵਿੱਚ ਸੈਕਟਰ 44 ਦਾ 502.316 ਵਰਗ ਗਜ਼ ਦਾ ਪਲਾਟ 16.58 ਕਰੋੜ ਰੁਪਏ ਅਤੇ ਸੈਕਟਰ 21 ਅਤੇ 30-ਏ ਦੇ 500.5 ਵਰਗ ਗਜ਼ ਦੇ ਦੋ ਪਲਾਟ 16.52 ਕਰੋੜ ਰੁਪਏ ਰਾਖਵੀਂ ਕੀਮਤ ਨਾਲ ਸ਼ਾਮਲ ਹਨ।

ਸਭ ਤੋਂ ਘੱਟ ਕੀਮਤ ਵਾਲੇ ਪਲਾਟ ਸੈਕਟਰ 44-ਬੀ ਵਿੱਚ ਹਨ, ਜਿੱਥੇ 100 ਵਰਗ ਗਜ਼ ਦੇ ਦੋ ਪਲਾਟਾਂ ਦੀ ਰਾਖਵੀਂ ਕੀਮਤ 3.30 ਕਰੋੜ ਰੁਪਏ ਰੱਖੀ ਗਈ ਹੈ।ਨਿਸ਼ਾਂਤ ਯਾਦਵ ਨੇ ਦੱਸਿਆ ਕਿ ਕੋਨੇ ਵਾਲੇ ਅਤੇ ਪਾਰਕ-ਫੇਸਿੰਗ ਪਲਾਟਾਂ ‘ਤੇ ਵਾਧੂ 5 ਫੀਸਦੀ ਚਾਰਜ ਲਗਾਇਆ ਜਾਵੇਗਾ। ਸੈਕਟਰ 37-ਏ ਦਾ ਪਲਾਟ ਪਾਰਕ-ਫੇਸਿੰਗ ਹੋਣ ਕਾਰਨ ਇਸ ‘ਤੇ ਵਾਧੂ ਚਾਰਜ ਲਾਗੂ ਹੋਵੇਗਾ।ਨੀਲਾਮੀ ਵਿੱਚ ਹਿੱਸਾ ਲੈਣ ਵਾਲੇ ਬੋਲੀਕਾਰਾਂ ਲਈ ਡਿਜ਼ੀਟਲ ਸਿਗਨੇਚਰ ਸਰਟੀਫਿਕੇਟ (DSC) ਲਾਜ਼ਮੀ ਹੋਵੇਗਾ। ਉਨ੍ਹਾਂ ਨੂੰ ਈ-ਨੀਲਾਮੀ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ PAN ਕਾਰਡ ਅਤੇ ਭੁਗਤਾਨ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਅਧੂਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ।ਸੰਭਾਵੀ ਬੋਲੀਕਾਰਾਂ ਲਈ 6 ਅਤੇ 7 ਜੂਨ ਨੂੰ ਸੈਕਟਰ 17 ਸਥਿਤ ਐਸਟੇਟ ਆਫਿਸ ਵਿੱਚ ਪ੍ਰੀ-ਬਿਡ ਸੈਮੀਨਾਰ ਵੀ ਕਰਵਾਇਆ ਜਾਵੇਗਾ।