ਗੈਸੋਲੀਨ ਅਤੇ ਖੁਰਾਕੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਮਹਿੰਗਾਈ, ਕੈਨੇਡਾ ਦੀ ਦਰ 3.2 ਫੀਸਦੀ 'ਤੇ ਪੁੱਜੀ
ਓਟਵਾ-ਗੈਸੋਲੀਨ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਮਈ ਮਹੀਨੇ ਦੌਰਾਨ ਵਧ ਕੇ 3.2 ਫੀਸਦੀ ਤੱਕ ਪਹੁੰਚ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਵਾਧਾ 2023 ਦੇ ਅੰਤ ਤੋਂ ਬਾਅਦ ਦਰਜ ਕੀਤੇ ਗਏ ਉੱਚ ਪੱਧਰਾਂ ਵਿੱਚੋਂ ਇੱਕ ਹੈ।
ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਗੈਸੋਲੀਨ ਦੀਆਂ ਕੀਮਤਾਂ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 33.2 ਫੀਸਦੀ ਵਧੀਆਂ, ਜਦਕਿ ਅਪ੍ਰੈਲ ਮਹੀਨੇ ਦੌਰਾਨ ਇਹ ਵਾਧਾ 28.6 ਫੀਸਦੀ ਦਰਜ ਕੀਤਾ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਵਿੱਚ ਚੱਲ ਰਹੇ ਸੰਘਰਸ਼ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਦੇ ਸਿੱਧੇ ਅਸਰ ਵਜੋਂ ਈਂਧਨ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ।ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ। ਤਾਜ਼ੇ ਫਲਾਂ ਦੀਆਂ ਕੀਮਤਾਂ 5.3 ਫੀਸਦੀ ਅਤੇ ਸਬਜ਼ੀਆਂ ਦੀਆਂ ਕੀਮਤਾਂ 9 ਫੀਸਦੀ ਵਧ ਗਈਆਂ। ਟਮਾਟਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ 45.2 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ। ਮੈਕਸੀਕੋ ਵਿੱਚ ਖਰਾਬ ਮੌਸਮ ਅਤੇ ਘੱਟ ਬਿਜਾਈ ਨੂੰ ਇਸ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਮਹੀਨਾਵਾਰ ਆਧਾਰ 'ਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ 5.5 ਫੀਸਦੀ ਦਾ ਵਾਧਾ ਹੋਇਆ, ਜੋ 2008 ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਖੁਰਾਕੀ ਵਸਤੂਆਂ ਨਾਲ ਸਬੰਧਤ ਮਹਿੰਗਾਈ ਦਰ ਵਧ ਕੇ 4.3 ਫੀਸਦੀ ਤੱਕ ਪਹੁੰਚ ਗਈ।ਇਸ ਦੇ ਨਾਲ ਹੀ ਕੰਪਿਊਟਰ ਉਪਕਰਨਾਂ, ਸਾਫਟਵੇਅਰ ਅਤੇ ਹੋਰ ਤਕਨੀਕੀ ਪੁਰਜ਼ਿਆਂ ਦੀਆਂ ਕੀਮਤਾਂ ਵਿੱਚ ਵੀ 3.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਅਨੁਸਾਰ ਰੈਮ ਅਤੇ ਐੱਸਐੱਸਡੀ ਵਰਗੇ ਕੰਪਿਊਟਰ ਪੁਰਜ਼ਿਆਂ ਦੀ ਵਧਦੀ ਮੰਗ ਅਤੇ ਡਾਟਾ ਸੈਂਟਰਾਂ ਦੇ ਵਿਸਥਾਰ ਕਾਰਨ ਇਹ ਕੀਮਤਾਂ ਵਧੀਆਂ ਹਨ।
ਦੂਜੇ ਪਾਸੇ ਰਿਹਾਇਸ਼ੀ ਖਰਚਿਆਂ ਵਿੱਚ ਵਾਧੇ ਦੀ ਰਫ਼ਤਾਰ ਕੁਝ ਹੱਦ ਤੱਕ ਮੱਠੀ ਰਹੀ। ਮਈ ਮਹੀਨੇ ਦੌਰਾਨ ਹਾਊਸਿੰਗ ਖਰਚਿਆਂ ਵਿੱਚ ਸਿਰਫ਼ 1.7 ਫੀਸਦੀ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਕੁੱਲ ਮਹਿੰਗਾਈ ਉੱਤੇ ਪੈਣ ਵਾਲਾ ਦਬਾਅ ਕੁਝ ਹੱਦ ਤੱਕ ਘੱਟ ਰਿਹਾ।ਬੀਐੱਮਓ ਦੇ ਮੁੱਖ ਅਰਥਸ਼ਾਸਤਰੀ ਡੱਗ ਪੋਰਟਰ ਨੇ ਕਿਹਾ ਕਿ ਬੁਨਿਆਦੀ ਮਹਿੰਗਾਈ ਦਰ ਅਜੇ ਵੀ ਲਗਭਗ 2 ਫੀਸਦੀ ਦੇ ਆਸ-ਪਾਸ ਹੈ, ਜੋ ਬੈਂਕ ਆਫ਼ ਕੈਨੇਡਾ ਦੇ ਟੀਚੇ ਦੇ ਅਨੁਕੂਲ ਹੈ। ਹਾਲਾਂਕਿ ਉਨ੍ਹਾਂ ਚੇਤਾਵਨੀ ਦਿੱਤੀ ਕਿ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਖਪਤਕਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
















