ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ 

ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ 

ਚੰਡੀਗੜ੍ਹ-ਪੰਜਾਬ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਦੇ ਗੀਤਾਂ ਵਿੱਚ ਔਰਤਾਂ ਵਿਰੁੱਧ ਅਣਉਚਿਤ ਭਾਸ਼ਾ ਦੀ ਵਰਤੋਂ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਜਾਣਕਾਰੀ ਮੁਤਾਬਕ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਦੋਵਾਂ ਗਾਇਕਾਂ ਨੇ ਆਪਣੇ ਗੀਤਾਂ ’ਚ ਵਰਤੀ ਗਈ ਭਾਸ਼ਾ ਲਈ ਮੁਆਫੀ ਮੰਗੀ ਹੈ। ਮੌਜੂਦਾ ਸਮੇਂ ਦੋਵੇਂ ਗਾਇਕ ਵਿਦੇਸ਼ ਵਿੱਚ ਹਨ ਅਤੇ ਫ਼ੋਨ ’ਤੇ ਕਮਿਸ਼ਨ ਨਾਲ ਸੰਪਰਕ ਕਰਕੇ ਵਾਅਦਾ ਕੀਤਾ ਹੈ ਕਿ ਭਾਰਤ ਵਾਪਸ ਆਉਣ ’ਤੇ ਉਹ ਕਮਿਸ਼ਨ ਦਫਤਰ ਜਾ ਕੇ ਸਿੱਧੇ ਤੌਰ ’ਤੇ ਮੁਆਫੀ ਮੰਗਣਗੇ। ਉਨ੍ਹਾਂ ਨੇ ਇਸ ਲਈ ਸੱਤ ਦਿਨਾਂ ਦਾ ਸਮਾਂ ਮੰਗਿਆ ਹੈ। ਪੰਜਾਬ ਪੁਲਿਸ ਦੇ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਨੇ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪੀ, ਜਿਸ ਵਿੱਚ ਕਿਹਾ ਗਿਆ ਕਿ ਦੋਵਾਂ ਗਾਇਕਾਂ ਦੇ ਵਕੀਲ ਜਲਦੀ ਹੀ ਆਪਣਾ ਪੱਖ ਪੇਸ਼ ਕਰਨਗੇ।  ਰਾਜ ਲਾਲੀ ਗਿੱਲ ਨੇ ਖੁਦ ਸੋਸ਼ਲ ਮੀਡੀਆ ’ਤੇ ਹਨੀ ਸਿੰਘ ਦੇ ਗੀਤ ‘ਮਿਲੀਅਨੇਅਰ’ ਅਤੇ ਕਰਨ ਔਜਲਾ ਦੇ ‘ਐਮਐਫ ਗੈਬਰੂ’ ਸੁਣੇ, ਜਿਨ੍ਹਾਂ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਕਮਿਸ਼ਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਾਂਚ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।