ਕੈਲਗਰੀ ਡਾਊਨਟਾਊਨ ਵਿੱਚ ਸੜਕ 'ਤੇ ਪਈ ਔਰਤ ਨੂੰ ਕਾਰ ਨੇ ਕੁਚਲਿਆ, ਗੰਭੀਰ ਜ਼ਖ਼ਮੀ
ਕੈਲਗਰੀ-ਕੈਲਗਰੀ ਦੇ ਡਾਊਨਟਾਊਨ ਇਲਾਕੇ ਵਿੱਚ ਬੁੱਧਵਾਰ ਤੜਕੇ ਸੜਕ ਦੇ ਵਿਚਕਾਰ ਪਈ ਇੱਕ ਔਰਤ ਨੂੰ ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।ਪੁਲਿਸ ਅਨੁਸਾਰ ਸਵੇਰੇ ਕਰੀਬ 1:25 ਵਜੇ ਐਮਰਜੈਂਸੀ ਸੇਵਾਵਾਂ ਨੂੰ 5 ਐਵੇਨਿਊ ਅਤੇ ਸੈਂਟਰ ਸਟ੍ਰੀਟ ਸਾਊਥ ਨੇੜੇ ਇੱਕ ਵਿਅਕਤੀ ਦੇ ਵਾਹਨ ਦੀ ਲਪੇਟ ਵਿੱਚ ਆਉਣ ਦੀ ਸੂਚਨਾ ਮਿਲੀ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 40 ਸਾਲਾ ਵਿਅਕਤੀ ਆਪਣੀ 2015 ਟੋਯੋਟਾ ਪ੍ਰੀਅਸ V ਕਾਰ ਨੂੰ 5 ਐਵੇਨਿਊ 'ਤੇ ਪੂਰਬ ਵੱਲ ਚਲਾ ਰਿਹਾ ਸੀ। ਸੈਂਟਰ ਸਟ੍ਰੀਟ ਤੋਂ ਥੋੜ੍ਹਾ ਅੱਗੇ ਸੜਕ ਦੇ ਵਿਚਕਾਰ ਪਈ ਔਰਤ ਕਾਰ ਹੇਠਾਂ ਆ ਗਈ। ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਨੇ ਆਪਣਾ ਵਾਹਨ ਰੋਕ ਲਿਆ ਅਤੇ ਮੌਕੇ 'ਤੇ ਹੀ ਰਿਹਾ।ਜ਼ਖ਼ਮੀ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਔਰਤ ਸੜਕ ਦੇ ਵਿਚਕਾਰ ਕਿਉਂ ਪਈ ਹੋਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਮੁੱਢਲੀ ਜਾਂਚ ਵਿੱਚ ਨਾ ਤਾਂ ਤੇਜ਼ ਰਫ਼ਤਾਰ ਅਤੇ ਨਾ ਹੀ ਨਸ਼ੇ ਦੀ ਹਾਲਤ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।ਜਾਂਚ ਦੌਰਾਨ 5 ਐਵੇਨਿਊ ਨੂੰ ਸੈਂਟਰ ਸਟ੍ਰੀਟ ਤੋਂ 1 ਸਟ੍ਰੀਟ ਤੱਕ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਸੀ, ਜਿਸ ਨੂੰ ਸਵੇਰੇ ਕਰੀਬ 5:30 ਵਜੇ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ 403-266-1234 'ਤੇ ਸੰਪਰਕ ਕਰਨ ਜਾਂ ਕ੍ਰਾਈਮ ਸਟੌਪਰਜ਼ ਰਾਹੀਂ ਗੁਪਤ ਤੌਰ 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
















