ਕੈਨੇਡਾ ਦੇ ਆਟੋ ਐਕਸਪੋਰਟ ਵਿੱਚ ਵੱਡੀ ਗਿਰਾਵਟ ਦਰਜ
ਓਟਵਾ-Statistics Canada ਦੀ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਜਨਵਰੀ ਮਹੀਨੇ ਦੌਰਾਨ ਮੋਟਰ ਗੱਡੀਆਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦੇ ਐਕਸਪੋਰਟ ਵਿੱਚ 21.2 ਫੀਸਦੀ ਦੀ ਭਾਰੀ ਕਮੀ ਦਰਜ ਕੀਤੀ ਗਈ ਹੈ।
ਰਿਪੋਰਟ ਅਨੁਸਾਰ ਇਹ ਐਕਸਪੋਰਟ ਘਟ ਕੇ ਲਗਭਗ 5.4 ਬਿਲੀਅਨ ਡਾਲਰ ਰਹਿ ਗਿਆ ਹੈ, ਜੋ ਕਿ ਸਤੰਬਰ 2021 ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ।
ਅੰਕੜਿਆਂ ਮੁਤਾਬਕ ਪੈਸੰਜਰ ਗੱਡੀਆਂ ਅਤੇ ਹਲਕੇ ਟਰੱਕਾਂ ਦੇ ਐਕਸਪੋਰਟ ਵਿੱਚ ਸਭ ਤੋਂ ਵੱਧ ਕਮੀ ਆਈ ਹੈ। ਇਸ ਸ਼੍ਰੇਣੀ ਵਿੱਚ ਲਗਭਗ 32.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਨਵੇਂ ਮਾਡਲਾਂ ਦੀ ਤਿਆਰੀ ਕਾਰਨ ਜਨਵਰੀ ਮਹੀਨੇ ਦੌਰਾਨ ਕਈ ਕਾਰਖਾਨਿਆਂ ਵਿੱਚ ਮੌਸਮੀ ਰੁਕਾਵਟਾਂ ਆਈਆਂ, ਜਿਸ ਨਾਲ ਖ਼ਾਸ ਤੌਰ ‘ਤੇ ਹਲਕੇ ਟਰੱਕਾਂ ਅਤੇ ਪੈਸੰਜਰ ਗੱਡੀਆਂ ਦੇ ਉਤਪਾਦਨ ਅਤੇ ਐਕਸਪੋਰਟ ‘ਤੇ ਨਕਾਰਾਤਮਕ ਅਸਰ ਪਿਆ।
ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਅਤੇ ਆਵਾਜਾਈ ਸਬੰਧੀ ਹੋਰ ਸਾਮਾਨ ਦੇ ਐਕਸਪੋਰਟ ਵਿੱਚ ਵੀ ਜਨਵਰੀ ਮਹੀਨੇ ਦੌਰਾਨ ਲਗਭਗ 16 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
















