ਕੇਲੋਨਾ ਚੈਂਬਰ ਆਫ਼ ਕਾਮਰਸ ਨੂੰ ਮਿਲੀ ਨਵੀਂ ਸੀ.ਈ.ਓ., ਐਸਟਰ ਪਾਈਕ ਦੀ ਨਿਯੁਕਤੀ

ਕੇਲੋਨਾ ਚੈਂਬਰ ਆਫ਼ ਕਾਮਰਸ ਨੂੰ ਮਿਲੀ ਨਵੀਂ ਸੀ.ਈ.ਓ., ਐਸਟਰ ਪਾਈਕ ਦੀ ਨਿਯੁਕਤੀ

ਕੇਲੋਨਾ-ਕੇਲੋਨਾ ਚੈਂਬਰ ਆਫ਼ ਕਾਮਰਸ ਨੇ ਐਸਟਰ ਪਾਈਕ ਨੂੰ ਆਪਣਾ ਨਵਾਂ ਪੂਰਨਕਾਲੀਨ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਚੈਂਬਰ ਵੱਲੋਂ ਵੀਰਵਾਰ, 27 ਅਗਸਤ ਨੂੰ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ।ਪਾਈਕ ਨੇ 1 ਜੁਲਾਈ 2026 ਨੂੰ ਅੰਤਰਿਮ ਸੀ.ਈ.ਓ. ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੇ ਜੌਰਜ ਗ੍ਰੀਨਵੁੱਡ ਦੀ ਥਾਂ ਲਈ ਸੀ, ਜੋ ਬਾਅਦ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਕੈਨੇਡੀਅਨ ਹੋਮ ਬਿਲਡਰਜ਼ ਐਸੋਸੀਏਸ਼ਨ ਦੇ ਸੀ.ਈ.ਓ. ਬਣ ਗਏ ਸਨ।

ਸੀ.ਈ.ਓ. ਬਣਨ ਤੋਂ ਪਹਿਲਾਂ ਪਾਈਕ ਕੇਲੋਨਾ ਚੈਂਬਰ ਵਿੱਚ ਫ੍ਰੈਕਸ਼ਨਲ ਚੀਫ਼ ਓਪਰੇਟਿੰਗ ਅਫ਼ਸਰ (COO) ਵਜੋਂ ਕੰਮ ਕਰ ਰਹੇ ਸਨ ਅਤੇ ਸੰਸਥਾ ਦੇ ਕਾਰਜਾਂ ਤੇ ਵੱਖ-ਵੱਖ ਪ੍ਰਬੰਧਕੀ ਪਹਿਲਕਦਮੀਆਂ ਦੀ ਅਗਵਾਈ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਹ 2022 ਤੋਂ 2023 ਤੱਕ ਚੈਂਬਰ ਦੀ ਡਾਇਰੈਕਟਰ ਆਫ਼ ਓਪਰੇਸ਼ਨਜ਼ ਵੀ ਰਹਿ ਚੁੱਕੇ ਹਨ।ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਾਈਕ ਨੇ ਕਿਹਾ ਕਿ ਉਹ ਚੈਂਬਰ ਵੱਲੋਂ ਪਿਛਲੀ ਅਗਵਾਈ ਦੌਰਾਨ ਬਣਾਈ ਗਈ ਗਤੀ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹਨ।

ਉਨ੍ਹਾਂ ਕਿਹਾ ਕਿ ਚੈਂਬਰ ਨੇ ਸੈਂਟਰਲ ਓਕਾਨਾਗਨ ਵਿੱਚ ਕਾਰੋਬਾਰੀ ਭਾਈਚਾਰੇ ਦੀ ਆਵਾਜ਼ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰਨ, ਸਾਂਝੇ ਹਿੱਤਾਂ ਲਈ ਹੋਰ ਚੈਂਬਰਾਂ ਨਾਲ ਮਿਲ ਕੇ ਵਕਾਲਤ ਕਰਨ, ਮੈਂਬਰਾਂ ਦੀ ਭਾਗੀਦਾਰੀ ਵਧਾਉਣ, ਸੰਸਥਾ ਦੇ ਕੰਮਕਾਜ ਨੂੰ ਆਧੁਨਿਕ ਬਣਾਉਣ ਅਤੇ ਕਾਰੋਬਾਰੀ ਭਾਈਚਾਰੇ ਵਿੱਚ ਆਪਣੀ ਮਹੱਤਤਾ ਹੋਰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਹੈ।ਪਾਈਕ ਨੇ ਕਿਹਾ ਕਿ ਸੈਂਟਰਲ ਓਕਾਨਾਗਨ ਦੇ ਕਾਰੋਬਾਰਾਂ ਲਈ ਚੈਂਬਰ ਵੱਲੋਂ ਕੀਤੇ ਜਾ ਰਹੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਵਕਾਲਤ, ਪ੍ਰੋਗਰਾਮ, ਸਮਾਗਮ ਅਤੇ ਮੈਂਬਰ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਚੈਂਬਰ ਦੀ ਟੀਮ ਮੈਂਬਰਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਕੰਮ ਕਰਦੀ ਰਹੇਗੀ।

ਚੈਂਬਰ ਦੇ ਪ੍ਰਧਾਨ ਪੈਟ੍ਰਿਕ ਬੋਬਿਨ ਨੇ ਕਿਹਾ ਕਿ ਐਸਟਰ ਪਾਈਕ ਦਾ ਤਜਰਬਾ, ਸੰਸਥਾ ਬਾਰੇ ਉਨ੍ਹਾਂ ਦੀ ਡੂੰਘੀ ਜਾਣਕਾਰੀ ਅਤੇ ਸਾਬਤ ਹੋਈ ਅਗਵਾਈ ਉਨ੍ਹਾਂ ਨੂੰ ਇਸ ਅਹੁਦੇ ਲਈ ਬੇਹੱਦ ਯੋਗ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਪਾਈਕ ਨੇ ਗਰਮੀਆਂ ਦੌਰਾਨ ਤਬਦੀਲੀ ਦੇ ਸਮੇਂ ਸੰਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਅਤੇ ਇਸ ਕਾਰਨ ਸੀ.ਈ.ਓ. ਦੀ ਪੱਕੀ ਨਿਯੁਕਤੀ ਲਈ ਉਮੀਦਵਾਰ ਵਜੋਂ ਉਨ੍ਹਾਂ ’ਤੇ ਮੁੜ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ।

ਚੈਂਬਰ ਮੁਤਾਬਕ ਪਾਈਕ ਨੂੰ ਇਹ ਅਹੁਦਾ ਲਗਭਗ ਦੋ ਮਹੀਨੇ ਚੱਲੀ ਸੀ.ਈ.ਓ. ਦੀ ਭਾਲ ਪ੍ਰਕਿਰਿਆ ਤੋਂ ਬਾਅਦ ਦਿੱਤਾ ਗਿਆ ਹੈ। ਬੋਰਡ ਅਤੇ ਸਟਾਫ਼ ਵੱਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਗਿਆ ਹੈ ਅਤੇ ਉਮੀਦ ਜਤਾਈ ਗਈ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਚੈਂਬਰ ਆਪਣੀ ਰਣਨੀਤਕ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਸੈਂਟਰਲ ਓਕਾਨਾਗਨ ਦੇ ਕਾਰੋਬਾਰੀ ਭਾਈਚਾਰੇ ਦੀ ਹੋਰ ਮਜ਼ਬੂਤੀ ਨਾਲ ਨੁਮਾਇੰਦਗੀ ਕਰੇਗਾ।