ਓਕਾਨਾਗਨ ਝੀਲ ਨੇੜੇ ਭਿਆਨਕ ਜੰਗਲੀ ਅੱਗ, 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਛੱਡਣੇ ਪਏ
ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਓਕਾਨਾਗਨ ਖੇਤਰ ਵਿੱਚ ਲੱਗੀ ਬ੍ਰੈਡਲੀ ਕ੍ਰੀਕ ਜੰਗਲੀ ਅੱਗ ਨੇ ਦੋ ਦਿਨਾਂ ਵਿੱਚ ਹੀ ਭਿਆਨਕ ਰੂਪ ਧਾਰ ਲਿਆ ਹੈ। ਅੱਗ ਦਾ ਘੇਰਾ 10 ਵਰਗ ਕਿਲੋਮੀਟਰ ਤੋਂ ਵੱਧ ਕੇ ਕਰੀਬ 26 ਵਰਗ ਕਿਲੋਮੀਟਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਸੂਬੇ ਭਰ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ।ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਓਕਾਨਾਗਨ ਇੰਡੀਅਨ ਬੈਂਡ, ਸਪਾਲਮਚੀਨ ਟਾਊਨਸ਼ਿਪ ਅਤੇ ਸਪਲੈਟਸਿਨ ਫਸਟ ਨੇਸ਼ਨ ਦੇ ਕਈ ਇਲਾਕਿਆਂ ਵਿੱਚ ਤੁਰੰਤ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਧਰ, ਆਰਮਸਟ੍ਰਾਂਗ ਅਤੇ ਕੋਲੰਬੀਆ-ਸ਼ੂਸਵੈਪ ਖੇਤਰ ਵਿੱਚ ਵੀ ਸੈਂਕੜੇ ਜਾਇਦਾਦਾਂ ਲਈ ਨਿਕਾਸੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਬੀ.ਸੀ. ਦੇ ਜੰਗਲੀ ਅੱਗ ਸੰਚਾਲਨ ਵਿਭਾਗ ਦੇ ਡਾਇਰੈਕਟਰ ਕਲਿਫ ਚੈਪਮੈਨ ਨੇ ਕਿਹਾ ਕਿ ਸੂਬੇ ਵਿੱਚ ਅੱਗ ਦਾ ਵਿਹਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਵਾਲੇ ਖੇਤਰ ਵਿੱਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜਦਕਿ ਉੱਚਾਈ ਵਾਲੇ ਇਲਾਕਿਆਂ ਵਿੱਚ ਇਹ ਰਫ਼ਤਾਰ 115 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ।ਜੰਗਲੀ ਅੱਗ ਕਾਰਨ ਹਾਈਵੇਅ-97 ਸਮੇਤ ਕਈ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਲੋਨਾ ਦੇ ਉੱਤਰੀ ਇਲਾਕੇ ਵਿੱਚ ਲੱਗੀ ਕੁਇਲਪਿਟੁਕ ਕ੍ਰੀਕ ਜੰਗਲੀ ਅੱਗ ਕਾਰਨ ਵੀ ਨਿਕਾਸੀ ਦੇ ਹੁਕਮਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ।
ਬੀ.ਸੀ. ਵਾਈਲਡਫਾਇਰ ਸਰਵਿਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 31 ਨਵੀਆਂ ਜੰਗਲੀ ਅੱਗਾਂ ਲੱਗੀਆਂ ਹਨ, ਜਦਕਿ 9 ਅੱਗਾਂ 'ਤੇ ਕਾਬੂ ਪਾ ਲਿਆ ਗਿਆ ਹੈ। ਇਸੇ ਦੌਰਾਨ ਈਸਟ ਕੁਟਨੇ ਖੇਤਰ ਵਿੱਚ ਵੇਟ ਕ੍ਰੀਕ ਅੱਗ ਕਾਰਨ ਕਰੀਬ 972 ਘਰਾਂ ਅਤੇ ਕੈਂਪ ਸਥਾਨਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਸੂਬੇ ਦੀ ਸਭ ਤੋਂ ਵੱਡੀ ਸਰਗਰਮ ਜੰਗਲੀ ਅੱਗ ਬਿਗ ਬਾਰ ਕੰਪਲੈਕਸ ਵਿੱਚ ਸਥਿਤ ਪੀਅਰ ਲੇਕ ਅੱਗ ਹੈ, ਜਿਸ ਦਾ ਖੇਤਰਫਲ 1,039 ਵਰਗ ਕਿਲੋਮੀਟਰ ਤੋਂ ਵੱਧ ਹੋ ਚੁੱਕਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਕੁਝ ਸੁਧਾਰ ਦੇ ਬਾਵਜੂਦ ਲੰਬੇ ਸਮੇਂ ਤੋਂ ਪਏ ਸੋਕੇ ਕਾਰਨ ਜੰਗਲ ਅਜੇ ਵੀ ਬਹੁਤ ਸੁੱਕੇ ਹਨ। ਲੋਕਾਂ ਨੂੰ ਨਿਕਾਸੀ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਸਰਕਾਰੀ ਹਦਾਇਤਾਂ 'ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਹੈ।
















