ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ
India defeated South Korea 8-0 in their final league match of the Hero Asian Champions Trophy in Jalandhar, finishing first in the round-robin standings. Japan beat Malaysia 2-1, while Bangladesh and China drew 1-1. India will face South Korea and Japan will take on Malaysia in the semi-finals in Mohali on November 4. The final is scheduled for November 5.
ਜਲੰਧਰ-ਭਾਰਤੀ ਹਾਕੀ ਟੀਮ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਖਰੀ ਲੀਗ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 8-0 ਨਾਲ ਕਰਾਰੀ ਹਾਰ ਦੇ ਕੇ ਰਾਊਂਡ ਰੌਬਿਨ ਪੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲਾ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ।
ਦਿਲਪ੍ਰੀਤ ਸਿੰਘ ਨੇ ਭਾਰਤ ਵੱਲੋਂ ਦੋ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ, ਸੰਜੈ ਅਤੇ ਅੰਗਦ ਬੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ।
ਲੀਗ ਪੜਾਅ ਦੇ ਅੰਤ ਵਿੱਚ ਜਾਪਾਨ 10 ਅੰਕਾਂ ਨਾਲ ਦੂਜੇ, ਮਲੇਸ਼ੀਆ 9 ਅੰਕਾਂ ਨਾਲ ਤੀਜੇ ਅਤੇ ਦੱਖਣੀ ਕੋਰੀਆ 6 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਆਖਰੀ ਲੀਗ ਮੁਕਾਬਲੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਨੀਦਰਲੈਂਡਜ਼ ਦੇ ਸਾਬਕਾ ਡਰੈਗ ਫਲਿੱਕਰ ਫਲੋਰਿਸ ਜਾਨ ਬੋਵਲੈਂਡਰ ਨੇ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਇੱਕ ਹੋਰ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਚੀਨ ਨਾਲ 1-1 ਨਾਲ ਡਰਾਅ ਖੇਡਿਆ। ਚੀਨ ਵੱਲੋਂ ਬੇਨਹਾਈ ਚੇਨ ਨੇ ਦੂਜੇ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਬੰਗਲਾਦੇਸ਼ ਦੇ ਕਪਤਾਨ ਅਸ਼ਰਫੁਲ ਇਸਲਾਮ ਨੇ 38ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ।
ਜਾਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ। ਮਲੇਸ਼ੀਆ ਵੱਲੋਂ ਅਬੂ ਕਮਾਲ ਅਜ਼ਰਾਈ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਬੜ੍ਹਤ ਬਣਾਈ। ਜਾਪਾਨ ਦੇ ਕੇਨਤਾਰੋ ਫੁਕੁਦਾ ਨੇ 24ਵੇਂ ਅਤੇ 54ਵੇਂ ਮਿੰਟ ਵਿੱਚ ਦੋ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਹੁਣ 4 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਸੈਮੀ ਫਾਈਨਲ ਮੁਕਾਬਲੇ ਖੇਡੇ ਜਾਣਗੇ। ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ, ਜਦਕਿ ਜਾਪਾਨ ਦੀ ਟੱਕਰ ਮਲੇਸ਼ੀਆ ਨਾਲ ਹੋਵੇਗੀ। ਟੂਰਨਾਮੈਂਟ ਦਾ ਫਾਈਨਲ 5 ਨਵੰਬਰ ਨੂੰ ਮੁਹਾਲੀ ਵਿੱਚ ਹੋਵੇਗਾ।
ਜਲੰਧਰ ਵਿੱਚ ਹਾਕੀ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ
ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਆਖਰੀ ਲੀਗ ਮੈਚ ਦੌਰਾਨ ਹਾਕੀ ਪ੍ਰੇਮੀਆਂ ਦੀ ਵੱਡੀ ਭੀੜ ਇਕੱਠੀ ਹੋਈ। ਸਥਾਨਕ ਵਸਨੀਕਾਂ ਅਤੇ ਖੇਡ ਪ੍ਰੇਮੀਆਂ ਨੇ ਰਿਕਾਰਡ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ ਦਿੱਤੀ। ਸਟੇਡੀਅਮ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ ’ਤੇ ਵੱਡੀਆਂ ਐੱਲਈਡੀ ਸਕਰੀਨਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਰਾਹੀਂ ਬਾਹਰ ਮੌਜੂਦ ਹਜ਼ਾਰਾਂ ਲੋਕਾਂ ਨੇ ਵੀ ਮੈਚ ਦਾ ਸਿੱਧਾ ਪ੍ਰਸਾਰਣ ਦੇਖਿਆ।














