ਈਰਾਨ-ਅਮਰੀਕਾ ਵਾਰਤਾ ‘ਚ ਅੜਚਣ, ਟਰੰਪ ਨੇ ਪ੍ਰਸਤਾਵ ‘ਤੇ ਜਤਾਈ ਨਾਰਾਜ਼ਗੀ

ਈਰਾਨ-ਅਮਰੀਕਾ ਵਾਰਤਾ ‘ਚ ਅੜਚਣ, ਟਰੰਪ ਨੇ ਪ੍ਰਸਤਾਵ ‘ਤੇ ਜਤਾਈ ਨਾਰਾਜ਼ਗੀ

ਵਾਸ਼ਿੰਗਟਨ-ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਸ਼ਾਂਤੀ ਵਾਰਤਾ ਦੂਜੇ ਦੌਰ ਵਿੱਚ ਹੀ ਅਟਕ ਗਈ ਹੈ। ਮੁੱਖ ਤੌਰ ‘ਤੇ ਪਰਮਾਣੂ ਮਸਲੇ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਅਸਹਿਮਤੀ ਸਾਹਮਣੇ ਆਈ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਭੇਜੇ ਗਏ ਨਵੇਂ ਪ੍ਰਸਤਾਵ ‘ਤੇ ਅਸੰਤੁਸ਼ਟੀ ਜਤਾਉਂਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਉਮੀਦਾਂ ‘ਤੇ ਖਰਾ ਨਹੀਂ ਉਤਰਦਾ। ਜਾਣਕਾਰੀ ਮੁਤਾਬਕ, ਈਰਾਨ ਨੇ ਪਾਕਿਸਤਾਨ ਰਾਹੀਂ ਸੁਝਾਅ ਦਿੱਤਾ ਸੀ ਕਿ ਜੰਗ ਨੂੰ ਖਤਮ ਕੀਤਾ ਜਾਵੇ, ਅਮਰੀਕੀ ਪਾਬੰਦੀਆਂ ਹਟਾਈਆਂ ਜਾਣ ਅਤੇ ਪਰਮਾਣੂ ਮਸਲੇ ‘ਤੇ ਵੱਖਰੇ ਤੌਰ ‘ਤੇ ਗੱਲਬਾਤ ਕੀਤੀ ਜਾਵੇ। ਨਾਲ ਹੀ, ਹੌਰਮੂਜ਼ ਜਲਮਾਰਗ ਨੂੰ ਖੋਲ੍ਹਣ ਦੀ ਵੀ ਪੇਸ਼ਕਸ਼ ਕੀਤੀ ਗਈ ਸੀ। ਇਸਦੇ ਬਾਵਜੂਦ, ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਸਦੀ ਸਭ ਤੋਂ ਵੱਡੀ ਚਿੰਤਾ ਈਰਾਨ ਦਾ ਪਰਮਾਣੂ ਪ੍ਰੋਗਰਾਮ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਕਿਸੇ ਵੀ ਸਮਝੌਤੇ ਵਿੱਚ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ।

ਵਾਈਟ ਹਾਊਸ ਵਿੱਚ ਸੁਰੱਖਿਆ ਸਲਾਹਕਾਰਾਂ ਨਾਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਨਾਲ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵੇਲੇ ਈਰਾਨ ਕਮਜ਼ੋਰ ਸਥਿਤੀ ਵਿੱਚ ਹੈ।ਇਸ ਦੌਰਾਨ, ਹੌਰਮੂਜ਼ ਜਲਮਾਰਗ ਫਰਵਰੀ ਤੋਂ ਜਾਰੀ ਤਣਾਅ ਕਾਰਨ ਲਗਭਗ ਬੰਦ ਪਿਆ ਹੈ। ਦੁਨੀਆ ਦੀ ਕਰੀਬ 20 ਫੀਸਦੀ ਤੇਲ ਸਪਲਾਈ ਇਸੀ ਰਾਹੀਂ ਹੁੰਦੀ ਹੈ, ਜਿਸ ਕਾਰਨ ਇਸਦਾ ਬੰਦ ਹੋਣਾ ਵਿਸ਼ਵ ਅਰਥਵਿਵਸਥਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਮੌਜੂਦਾ ਹਾਲਾਤਾਂ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਜਾਰੀ ਹੈ ਅਤੇ ਇਹ ਸਪਸ਼ਟ ਨਹੀਂ ਕਿ ਸ਼ਾਂਤੀ ਵਾਰਤਾ ਕਦੋਂ ਦੁਬਾਰਾ ਸ਼ੁਰੂ ਹੋਵੇਗੀ।