ਈਰਾਨ-ਅਮਰੀਕਾ ਟਕਰਾਅ ਹੋਰ ਭਖਿਆ, ਜਾਰਡਨ ਸਥਿਤ ਅਮਰੀਕੀ ਅੱਡੇ 'ਤੇ ਮਿਜ਼ਾਈਲ ਹਮਲੇ ਦਾ ਦਾਅਵਾ
ਤੇਹਰਾਨ/ਵਾਸ਼ਿੰਗਟਨ-ਮੱਧ ਪੂਰਬ ਵਿੱਚ ਤਣਾਅ ਇੱਕ ਵਾਰ ਫਿਰ ਵੱਧ ਗਿਆ ਹੈ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਰਡਨ ਵਿੱਚ ਸਥਿਤ ਅਮਰੀਕੀ ਕਮਾਂਡ ਸੈਂਟਰ ਅਤੇ ਅਲ-ਅਜ਼ਰਾਕ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦਿਆਂ 12 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।ਈਰਾਨੀ ਸਰਕਾਰੀ ਮੀਡੀਆ ਅਨੁਸਾਰ ਇਹ ਕਾਰਵਾਈ ਅਮਰੀਕਾ ਦੇ ਹਾਲੀਆ ਹਮਲਿਆਂ ਦੇ ਜਵਾਬ ਵਜੋਂ ਕੀਤੀ ਗਈ ਹੈ। ਆਈਆਰਜੀਸੀ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ ਕਈ ਸੈਨਿਕ ਸਥਾਪਨਾਵਾਂ ਅਤੇ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਅਮਰੀਕਾ ਵੱਲੋਂ ਇਸ ਦਾਅਵੇ ਦੀ ਅਜੇ ਤੱਕ ਸੁਤੰਤਰ ਪੁਸ਼ਟੀ ਨਹੀਂ ਕੀਤੀ ਗਈ।
ਇਸ ਦੌਰਾਨ ਅਮਰੀਕੀ ਦੂਤਾਵਾਸ ਨੇ ਜਾਰਡਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਦੂਤਾਵਾਸ ਨੇ ਕਿਹਾ ਕਿ ਜਾਰਡਨ ਦੇ ਹਵਾਈ ਖੇਤਰ ਵਿੱਚ ਮਿਜ਼ਾਈਲਾਂ, ਡਰੋਨ ਅਤੇ ਰਾਕੇਟਾਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।ਦੂਜੇ ਪਾਸੇ ਕੁਵੈਤ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਹਵਾਈ ਖੇਤਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ ਅਤੇ ਕਈ ਉਡਾਣਾਂ ਨੂੰ ਵਿਕਲਪਕ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਹੈ। ਕੁਵੈਤੀ ਹਵਾਈ ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਸੰਭਾਵਿਤ ਖ਼ਤਰਿਆਂ 'ਤੇ ਨਜ਼ਰ ਰੱਖ ਰਹੀ ਹੈ।
ਈਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ ਅਤੇ ਬਹਿਰੀਨ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਈਆਰਜੀਸੀ ਮੁਤਾਬਕ ਦੋ ਪੜਾਵਾਂ ਵਿੱਚ ਕੀਤੇ ਗਏ ਹਮਲਿਆਂ ਦੌਰਾਨ 18 ਅਹਿਮ ਫੌਜੀ ਟੀਚਿਆਂ 'ਤੇ ਵਾਰ ਕੀਤੇ ਗਏ।
ਉੱਥੇ ਹੀ ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਕਿਹਾ ਹੈ ਕਿ ਅਮਰੀਕੀ ਫੌਜ ਨੇ "ਸਵੈ-ਰੱਖਿਆ" ਤਹਿਤ ਈਰਾਨ ਦੇ ਹਵਾਈ ਰੱਖਿਆ ਤੰਤਰ, ਨਿਗਰਾਨੀ ਪ੍ਰਣਾਲੀਆਂ ਅਤੇ ਸੰਚਾਰ ਕੇਂਦਰਾਂ 'ਤੇ ਸਟੀਕ ਹਮਲੇ ਕੀਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਹ ਨਿਸ਼ਾਨੇ ਉਸ ਦੀਆਂ ਫੌਜਾਂ ਅਤੇ ਅੰਤਰਰਾਸ਼ਟਰੀ ਜਹਾਜ਼ਰਾਨੀ ਲਈ ਖ਼ਤਰਾ ਬਣੇ ਹੋਏ ਸਨ।ਇਸ ਵਧਦੇ ਸੰਘਰਸ਼ ਦਰਮਿਆਨ ਅਮਰੀਕਾ ਸਮੇਤ 22 ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਈਰਾਨ ਨੂੰ ਆਪਣੇ ਖੇਤਰਾਂ ਵਿੱਚ ਹਮਲੇ, ਧਮਕੀਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਚਿੰਤਾ ਜਤਾਉਂਦਿਆਂ ਕਿਹਾ ਕਿ ਮੌਜੂਦਾ ਜੰਗਬੰਦੀ ਹੁਣ "ਪੂਰੀ ਸ਼ਾਂਤੀ" ਦੀ ਬਜਾਏ "ਘੱਟ ਤੀਬਰਤਾ ਵਾਲੀ ਅੱਗ" ਵਰਗੀ ਲੱਗ ਰਹੀ ਹੈ ਅਤੇ ਜੇਕਰ ਹਾਲਾਤ ਨਾ ਸੰਭਾਲੇ ਗਏ ਤਾਂ ਇਹ ਵੱਡੇ ਖੇਤਰੀ ਯੁੱਧ ਦਾ ਰੂਪ ਧਾਰ ਸਕਦੀ ਹੈ।ਮੱਧ ਪੂਰਬ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਕਾਰਨ ਪੂਰਾ ਵਿਸ਼ਵ ਚਿੰਤਤ ਹੈ ਅਤੇ ਅੰਤਰਰਾਸ਼ਟਰੀ ਭਾਈਚਾਰਾ ਤਣਾਅ ਘਟਾਉਣ ਲਈ ਕੂਟਨੀਤਕ ਯਤਨਾਂ ਵਿੱਚ ਜੁਟਿਆ ਹੋਇਆ ਹੈ।
















