ਅਲਬਰਟਾ ਸਰਕਾਰ ਵੱਲੋਂ $100 ਐਨਰਜੀ ਰਿਬੇਟ ਦਾ ਐਲਾਨ

ਅਲਬਰਟਾ ਸਰਕਾਰ ਵੱਲੋਂ $100 ਐਨਰਜੀ ਰਿਬੇਟ ਦਾ ਐਲਾਨ

ਐਡਮੰਟਨ-ਅਲਬਰਟਾ ਸਰਕਾਰ ਨੇ ਵਧ ਰਹੀਆਂ ਊਰਜਾ ਕੀਮਤਾਂ ਦੇ ਮੱਦੇਨਜ਼ਰ "ਅਲਬਰਟਾ ਐਨਰਜੀ ਰਿਬੇਟ" ਦਾ ਐਲਾਨ ਕੀਤਾ ਹੈ। 1 ਜੁਲਾਈ 2026 ਤੋਂ ਲਗਭਗ 34 ਲੱਖ ਯੋਗ ਅਲਬਰਟਾਵਾਸੀਆਂ ਨੂੰ $100 ਦੀ ਸਿੱਧੀ ਵਿੱਤੀ ਸਹਾਇਤਾ ਮਿਲੇਗੀ।ਇਹ ਰਿਬੇਟ ਉਹਨਾਂ ਨਿਵਾਸੀਆਂ ਲਈ ਹੋਵੇਗੀ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, 2025 ਦੀ ਟੈਕਸ ਰਿਟਰਨ ਫਾਈਲ ਕੀਤੀ ਹੋਈ ਹੈ ਅਤੇ ਘਰੇਲੂ ਆਮਦਨ $225,000 ਜਾਂ ਇਸ ਤੋਂ ਘੱਟ ਹੈ। ਅਰਜ਼ੀਆਂ ਲਈ ਆਨਲਾਈਨ ਪੋਰਟਲ 1 ਜੁਲਾਈ ਤੋਂ 30 ਸਤੰਬਰ 2026 ਤੱਕ ਖੁੱਲ੍ਹਾ ਰਹੇਗਾ।

ਪ੍ਰੀਮੀਅਰ Danielle Smith ਨੇ ਕਿਹਾ ਕਿ ਉੱਚੀਆਂ ਤੇਲ ਕੀਮਤਾਂ ਤੋਂ ਪ੍ਰਾਪਤ ਮਾਲੀਏ ਨੂੰ ਸਿੱਧਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਉਹ ਕਰਿਆਨੇ, ਬਾਲਣ, ਕਿਰਾਏ ਅਤੇ ਹੋਰ ਘਰੇਲੂ ਖਰਚਿਆਂ ਵਿੱਚ ਰਾਹਤ ਪ੍ਰਾਪਤ ਕਰ ਸਕਣ।

ਦੋ ਬਾਲਗਾਂ ਵਾਲੇ ਯੋਗ ਪਰਿਵਾਰ ਨੂੰ $200 ਤੱਕ ਦੀ ਸਹਾਇਤਾ ਮਿਲ ਸਕਦੀ ਹੈ, ਜਦਕਿ ਇੱਕੋ ਘਰ ਵਿੱਚ ਰਹਿੰਦੇ ਹਰ ਯੋਗ ਬਾਲਗ ਲਈ ਵਾਧੂ $100 ਵੀ ਦਿੱਤਾ ਜਾਵੇਗਾ। ਸੀਨੀਅਰਾਂ ਅਤੇ AISH, ADAP ਅਤੇ ਇਨਕਮ ਸਪੋਰਟ ਵਰਗੇ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਨੂੰ ਇਹ ਰਕਮ ਆਪਣੇ ਆਪ ਮਿਲੇਗੀ।ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਵਧ ਰਹੇ ਜੀਵਨ-ਖਰਚੇ ਦੇ ਦਬਾਅ ਨੂੰ ਘਟਾਉਣ ਅਤੇ ਪਰਿਵਾਰਾਂ ਨੂੰ ਸਿੱਧੀ ਰਾਹਤ ਦੇਣ ਲਈ ਸ਼ੁਰੂ ਕੀਤੀ ਗਈ ਹੈ।