ਅਲਬਰਟਾ ਦੀ ਪ੍ਰੀਮੀਅਰ ਦੇ ਸੀਨੀਅਰ ਸਹਾਇਕ ਦੀ ਟਿੱਪਣੀ ’ਤੇ ਵਿਵਾਦ
ਐਡਮੰਟਨ: ਅਲਬਰਟਾ ਦੀ ਪ੍ਰੀਮੀਅਰ Danielle Smith ਦੇ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ Bruce McAllister ਵੱਲੋਂ ਫਸਟ ਨੇਸ਼ਨਜ਼ ਮੁਖੀਆਂ ਬਾਰੇ ਕੀਤੀ ਗਈ ਟਿੱਪਣੀ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।ਸੋਸ਼ਲ ਮੀਡੀਆ ਪੋਸਟ ਵਿੱਚ ਮੈਕਐਲਿਸਟਰ ਨੇ ਕਿਹਾ ਕਿ ਮੁਖੀਆਂ ਨੂੰ ਪ੍ਰੀਮੀਅਰ ਦੀ ਆਲੋਚਨਾ ਕਰਨ ਦੀ ਬਜਾਏ ਆਪਣੇ ਭਾਈਚਾਰਿਆਂ ਵਿੱਚ ਗਰੀਬੀ, ਨਸ਼ਿਆਂ, ਬੇਰੁਜ਼ਗਾਰੀ, ਰਿਹਾਇਸ਼ ਅਤੇ ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਲਬਰਟਾ ਦੇ ਟ੍ਰੀਟੀ ਚੀਫ਼ਜ਼ ਨੇ ਸਰਕਾਰ ਵੱਲੋਂ 19 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਵੱਖਵਾਦੀ ਜਨਮਤ ਸੰਗ੍ਰਹਿ ਨੂੰ ਲੈ ਕੇ ਆਰਸੀਐਮਪੀ ਤੋਂ ਜਾਂਚ ਦੀ ਮੰਗ ਕੀਤੀ ਹੈ। ਚੀਫ਼ਜ਼ ਦਾ ਦੋਸ਼ ਹੈ ਕਿ ਇਹ ਕਦਮ ਸੰਧੀ ਅਧਿਕਾਰਾਂ ਅਤੇ ਕੈਨੇਡਾ ਦੀ ਏਕਤਾ ਲਈ ਖ਼ਤਰਾ ਬਣ ਸਕਦਾ ਹੈ।ਫਸਟ ਨੇਸ਼ਨਜ਼ ਆਗੂਆਂ ਨੇ ਮੈਕਐਲਿਸਟਰ ਦੀਆਂ ਟਿੱਪਣੀਆਂ ’ਤੇ ਸਿੱਧੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕੀਤਾ ਹੈ, ਪਰ ਉਹ ਆਪਣੇ ਪਹਿਲਾਂ ਵਾਲੇ ਮੌਕਫ਼ ’ਤੇ ਕਾਇਮ ਹਨ।ਇਸ ਮਾਮਲੇ ਨੇ ਅਲਬਰਟਾ ਵਿੱਚ ਵੱਖਵਾਦੀ ਜਨਮਤ ਸੰਗ੍ਰਹਿ ਨੂੰ ਲੈ ਕੇ ਚੱਲ ਰਹੀ ਸਿਆਸੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।
















