ਅਲਬਰਟਾ ਸਰਕਾਰ ਵੱਲੋਂ ਅਪੰਗਤਾ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਅਤੇ ਰੁਜ਼ਗਾਰ ਸਹੂਲਤਾਂ ਵਿੱਚ ਵਾਧਾ

Alberta is restoring full benefits for eligible couples receiving AISH or ADAP, simplifying applications for former AISH clients and investing nearly $250 million in employment support.

ਅਲਬਰਟਾ ਸਰਕਾਰ ਵੱਲੋਂ ਅਪੰਗਤਾ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਅਤੇ ਰੁਜ਼ਗਾਰ ਸਹੂਲਤਾਂ ਵਿੱਚ ਵਾਧਾ

ਅਲਬਰਟਾ-ਅਲਬਰਟਾ ਸਰਕਾਰ ਨੇ ਅਪੰਗਤਾ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਨੂੰ ਹੋਰ ਸੁਚਾਰੂ ਬਣਾਉਣ, ਯੋਗ ਜੋੜਿਆਂ ਦੇ ਲਾਭ ਮੁੜ ਪੂਰੀ ਤਰ੍ਹਾਂ ਬਹਾਲ ਕਰਨ ਅਤੇ ਰੁਜ਼ਗਾਰ ਬੀਮਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਲਚਕਦਾਰ ਬਣਾਉਣ ਲਈ ਕੇਂਦਰ ਸਰਕਾਰ ਕੋਲ ਮੰਗ ਉਠਾਉਣ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ, ਇਨ੍ਹਾਂ ਕਦਮਾਂ ਦਾ ਉਦੇਸ਼ ਅਪੰਗਤਾ ਵਾਲੇ ਲੋਕਾਂ ਨੂੰ ਵਧੇਰੇ ਵਿੱਤੀ ਸਥਿਰਤਾ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਹੈ।ਸਹਾਇਕ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਬਾਰੇ ਮੰਤਰੀ ਨਾਥਨ ਨਿਊਡੋਰਫ ਨੇ ਕਿਹਾ ਕਿ ਅਪੰਗਤਾ ਵਾਲੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਕ ਸੰਸਥਾਵਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਸਹਾਇਤਾ ਪ੍ਰਣਾਲੀ ਵਿੱਚ ਇਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਲਈ ਮਦਦ ਹਾਸਲ ਕਰਨਾ ਆਸਾਨ ਹੋਵੇ ਅਤੇ ਉਹ ਆਪਣੇ ਭਵਿੱਖ ਦੀ ਬਿਹਤਰ ਯੋਜਨਾਬੰਦੀ ਕਰ ਸਕਣ।

ਸਰਕਾਰ ਉਨ੍ਹਾਂ ਯੋਗ ਜੋੜਿਆਂ ਲਈ ਸਹਾਇਤਾ ਦੀ ਪੂਰੀ ਰਕਮ ਮੁੜ ਬਹਾਲ ਕਰ ਰਹੀ ਹੈ, ਜਿਨ੍ਹਾਂ ਦੇ ਦੋਵੇਂ ਸਾਥੀ ਗੰਭੀਰ ਅਪੰਗਤਾ ਵਾਲੇ ਲੋਕਾਂ ਲਈ ਆਮਦਨ ਸਹਾਇਤਾ (ਏਆਈਐਸਐਚ) ਜਾਂ ਅਲਬਰਟਾ ਅਪੰਗਤਾ ਸਹਾਇਤਾ ਪ੍ਰੋਗਰਾਮ (ਏਡੀਏਪੀ) ਅਧੀਨ ਲਾਭ ਪ੍ਰਾਪਤ ਕਰਦੇ ਹਨ। ਪ੍ਰਭਾਵਿਤ ਲਾਭਪਾਤਰੀਆਂ ਨੂੰ ਅਗਸਤ 2026 ਤੋਂ ਲਾਗੂ ਕੀਤੀ ਗਈ ਸੋਧੀ ਹੋਈ ਦਰ ਕਾਰਨ ਘਟੀ ਰਕਮ ਦਾ ਬਕਾਇਆ ਵੀ ਵਾਪਸ ਦਿੱਤਾ ਜਾਵੇਗਾ। ਸਰਕਾਰ ਮੁਤਾਬਕ, ਇਸ ਸਾਲ ਦੇ ਅੰਤ ਤੋਂ ਪਹਿਲਾਂ ਇਹ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਇਸ ਲਈ ਲਾਭਪਾਤਰੀਆਂ ਨੂੰ ਵੱਖਰੇ ਤੌਰ ’ਤੇ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ।

ਜਿਹੜੇ ਲਾਭਪਾਤਰੀ ਏਆਈਐਸਐਚ ਤੋਂ ਏਡੀਏਪੀ ਵਿੱਚ ਤਬਦੀਲ ਹੋਏ ਹਨ, ਉਹ ਮੁੜ ਏਆਈਐਸਐਚ ਲਈ ਅਰਜ਼ੀ ਦੇਣ ਸਮੇਂ ਸਰਲ ਪ੍ਰਕਿਰਿਆ ਦਾ ਲਾਭ ਲੈ ਸਕਣਗੇ। ਪਹਿਲਾਂ ਤੋਂ ਮੌਜੂਦ ਜਾਣਕਾਰੀ ਦੀ ਵਰਤੋਂ ਨਾਲ ਅਰਜ਼ੀ ਦੇ ਗੈਰ-ਮੈਡੀਕਲ ਹਿੱਸੇ ਦੀ ਪ੍ਰਕਿਰਿਆ ਵਿੱਚ 75 ਫ਼ੀਸਦੀ ਤੱਕ ਕਟੌਤੀ ਕੀਤੀ ਗਈ ਹੈ। ਇਸ ਨਾਲ ਕਾਗਜ਼ੀ ਕਾਰਵਾਈ ਅਤੇ ਪ੍ਰਸ਼ਾਸਕੀ ਬੋਝ ਘਟੇਗਾ।ਸਰਕਾਰ ਅਜਿਹੇ ਲਾਭਪਾਤਰੀਆਂ ਲਈ ਏਆਈਐਸਐਚ ਦੀ ਅਰਜ਼ੀ ਵਾਸਤੇ ਇੱਕ ਮੈਡੀਕਲ ਰਿਪੋਰਟ ਤਿਆਰ ਕਰਵਾਉਣ ਦਾ ਖ਼ਰਚਾ ਵੀ ਚੁੱਕਦੀ ਰਹੇਗੀ। ਹੁਣ ਡਾਕਟਰਾਂ ਦੇ ਨਾਲ ਨਰਸ ਪ੍ਰੈਕਟੀਸ਼ਨਰ ਵੀ ਇਹ ਰਿਪੋਰਟਾਂ ਤਿਆਰ ਅਤੇ ਦਸਤਖ਼ਤ ਕਰ ਸਕਣਗੇ, ਜਿਸ ਨਾਲ ਲੋੜੀਂਦੇ ਮੈਡੀਕਲ ਦਸਤਾਵੇਜ਼ ਹਾਸਲ ਕਰਨ ਦੇ ਹੋਰ ਵਿਕਲਪ ਮਿਲਣਗੇ।

ਅਲਬਰਟਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਨਿਯਮ ਬਣਾਏ ਜਾਣ, ਜਿਨ੍ਹਾਂ ਨਾਲ ਸਿਹਤ ਸਮੱਸਿਆ ਕਾਰਨ ਅਸਥਾਈ ਤੌਰ ’ਤੇ ਕੰਮ ਕਰਨ ਤੋਂ ਅਸਮਰੱਥ ਹੋਣ ਵਾਲੇ ਅਪੰਗਤਾ ਵਾਲੇ ਲੋਕਾਂ ਲਈ ਰੁਜ਼ਗਾਰ ਬੀਮਾ (ਈਆਈ) ਹਾਸਲ ਕਰਨਾ ਸੌਖਾ ਹੋ ਸਕੇ। ਸਰਕਾਰ ਰੁਜ਼ਗਾਰ ਬੀਮੇ ਲਈ ਲੋੜੀਂਦੇ ਕੰਮ ਦੇ ਘੰਟਿਆਂ ਸਬੰਧੀ ਨਿਯਮਾਂ ਵਿੱਚ ਵੀ ਲਚਕ ਲਿਆਉਣ ਦੀ ਮੰਗ ਕਰ ਰਹੀ ਹੈ, ਤਾਂ ਜੋ ਅਪੰਗਤਾ ਵਾਲੇ ਲੋਕਾਂ ਦੇ ਰੁਜ਼ਗਾਰ ਦੇ ਵੱਖਰੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ।ਸਰਕਾਰ ਨੇ ਕਿਹਾ ਕਿ ਉਹ ਅਪੰਗਤਾ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿੱਤੀ ਸਥਿਰਤਾ, ਵਿਹਾਰਕ ਸਹਾਇਤਾ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਯਤਨ ਜਾਰੀ ਰੱਖੇਗੀ।