ਅਲਬਰਟਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ 20 ਪ੍ਰਵਾਸੀਆਂ ਦਾ ਸਨਮਾਨ

Twenty immigrants born outside Canada have received the 2026 Alberta Immigrant Impact Awards for their contributions to the province through professional achievements, entrepreneurship, innovation, charity, arts and community leadership. The awards recognize newcomers who are helping strengthen Alberta’s economy and communities.

ਅਲਬਰਟਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ 20 ਪ੍ਰਵਾਸੀਆਂ ਦਾ ਸਨਮਾਨ

ਅਲਬਰਟਾ-ਕੈਨੇਡਾ ਤੋਂ ਬਾਹਰ ਜਨਮੇ 20 ਅਲਬਰਟਾ ਵਾਸੀਆਂ ਨੂੰ ਸੂਬੇ ਦੇ ਭਾਈਚਾਰਿਆਂ ਦੀ ਤਰੱਕੀ ਅਤੇ ਵਿਕਾਸ ਵਿੱਚ ਪਾਏ ਅਹਿਮ ਯੋਗਦਾਨ ਲਈ 2026 ਦੇ ‘ਅਲਬਰਟਾ ਇਮੀਗ੍ਰੈਂਟ ਇੰਪੈਕਟ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਪੁਰਸਕਾਰਾਂ ਰਾਹੀਂ ਉਨ੍ਹਾਂ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਪੇਸ਼ੇਵਰ ਕੰਮ, ਉੱਦਮਤਾ, ਨਵੀਨਤਾ, ਸਮਾਜ ਸੇਵਾ, ਕਲਾ ਅਤੇ ਭਾਈਚਾਰਕ ਅਗਵਾਈ ਰਾਹੀਂ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ।

ਅਲਬਰਟਾ ਸਰਕਾਰ ਅਨੁਸਾਰ, ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਨਵੇਂ ਆਏ ਲੋਕਾਂ ਵੱਲੋਂ ਸੂਬੇ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਪਾਏ ਜਾ ਰਹੇ ਹਾਂ-ਪੱਖੀ ਪ੍ਰਭਾਵ ਨੂੰ ਉਜਾਗਰ ਕਰਨਾ ਹੈ। ਇਸ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਸਨਮਾਨਿਤ ਵਿਅਕਤੀ ਅਲਬਰਟਾ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਹਨ।ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਸਹਾਇਕ ਮੰਤਰੀ ਮੁਹੰਮਦ ਯਾਸੀਨ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਸਫਲਤਾ ਦਰਸਾਉਂਦੀ ਹੈ ਕਿ ਨਵੇਂ ਆਏ ਲੋਕ ਅਲਬਰਟਾ ਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਉਸਾਰੀ ਲਈ ਚੁਣ ਕੇ ਕਿਵੇਂ ਸੂਬੇ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਅਲਬਰਟਾ ਵਾਸੀਆਂ ਵੱਲੋਂ ਹੀ ਕੀਤੀਆਂ ਗਈਆਂ ਸਨ। ਸਨਮਾਨਿਤ ਵਿਅਕਤੀਆਂ ਦੀਆਂ ਪ੍ਰਾਪਤੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ, ਜੋ ਉਨ੍ਹਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਪਹਿਲਕਦਮੀ ਨੂੰ ਦਰਸਾਉਂਦੀਆਂ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲੇ ਰਿਸ਼ੀ ਨਾਗਰ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਨੂੰ ਮਿਲੀ ਇਹ ਮਾਨਤਾ ਉਨ੍ਹਾਂ ਲਈ ਮਾਣ ਅਤੇ ਨਿਮਰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਭਾਈਚਾਰੇ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਉਣ, ਉਨ੍ਹਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਆਪਣੇ ਯਤਨ ਜਾਰੀ ਰੱਖਣ ਲਈ ਵਚਨਬੱਧ ਹਨ।

ਇਸ ਪੁਰਸਕਾਰ ਪ੍ਰੋਗਰਾਮ ਅਧੀਨ ਅੱਠ ਸ਼੍ਰੇਣੀਆਂ ਵਿੱਚ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਪੁਰਸਕਾਰ ਲਈ ਨਾਮਜ਼ਦ ਵਿਅਕਤੀ ਦਾ ਕੈਨੇਡਾ ਤੋਂ ਬਾਹਰ ਜਨਮਿਆ ਹੋਣਾ ਅਤੇ ਇਸ ਸਮੇਂ ਕੈਨੇਡਾ ਦਾ ਸਥਾਈ ਵਸਨੀਕ ਜਾਂ ਨਾਗਰਿਕ ਹੋਣਾ ਲਾਜ਼ਮੀ ਹੈ।ਅਲਬਰਟਾ ਦੁਨੀਆ ਭਰ ਤੋਂ ਬਿਹਤਰ ਮੌਕਿਆਂ ਦੀ ਭਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸਰਕਾਰ ਅਨੁਸਾਰ, ਪ੍ਰਵਾਸੀਆਂ ਦੇ ਹੁਨਰ, ਤਜਰਬੇ ਅਤੇ ਮਿਹਨਤ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ, ਭਾਈਚਾਰਿਆਂ ਵਿੱਚ ਖੁਸ਼ਹਾਲੀ ਆਉਂਦੀ ਹੈ ਅਤੇ ਸਾਰੇ ਅਲਬਰਟਾ ਵਾਸੀਆਂ ਲਈ ਬਿਹਤਰ ਭਵਿੱਖ ਦੀ ਉਸਾਰੀ ਵਿੱਚ ਮਦਦ ਮਿਲਦੀ ਹੈ।