ਅਲਬਰਟਾ ਵਿੱਚ ਡਾਕਟਰਾਂ ਦੀ ਗਿਣਤੀ ਨੇ ਬਣਾਇਆ ਨਵਾਂ ਰਿਕਾਰਡ
ਐਡਮੰਟਨ-ਕੈਨੇਡਾ ਦੇ ਅਲਬਰਟਾ ਸੂਬੇ ਨੇ ਡਾਕਟਰਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਬਣਾਈ ਰੱਖਣ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕਾਲਜ ਆਫ਼ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ਼ ਅਲਬਰਟਾ (CPSA) ਵੱਲੋਂ ਜਾਰੀ ਅੰਕੜਿਆਂ ਅਨੁਸਾਰ 30 ਜੂਨ ਤੱਕ ਸੂਬੇ ਵਿੱਚ 14,156 ਪੂਰੀ ਤਰ੍ਹਾਂ ਰਜਿਸਟਰਡ ਡਾਕਟਰ ਸੇਵਾਵਾਂ ਦੇ ਰਹੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 1,226 ਡਾਕਟਰਾਂ (ਕਰੀਬ 10 ਫੀਸਦੀ) ਦਾ ਵਾਧਾ ਹੈ। ਇਸ ਦੌਰਾਨ ਸੂਬੇ ਨੂੰ 510 ਨਵੇਂ ਪਰਿਵਾਰਕ ਡਾਕਟਰ ਵੀ ਮਿਲੇ ਹਨ, ਜਦਕਿ 1,000 ਤੋਂ ਵੱਧ ਪ੍ਰਾਇਮਰੀ ਕੇਅਰ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਇਸ ਸਮੇਂ ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰ ਰਹੇ ਹਨ। ਸਰਵੇਖਣ ਅਨੁਸਾਰ 88 ਫੀਸਦੀ ਤੋਂ ਵੱਧ ਅਲਬਰਟਾ ਵਾਸੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪ੍ਰਾਇਮਰੀ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਹੈ।
ਅਲਬਰਟਾ ਦੀ ਹਸਪਤਾਲ ਅਤੇ ਸਰਜੀਕਲ ਸਿਹਤ ਸੇਵਾਵਾਂ ਮੰਤਰੀ ਐਡਰੀਆਨਾ ਲਾਗ੍ਰੇਂਜ ਨੇ ਕਿਹਾ ਕਿ ਪਹਿਲਾਂ ਨਾਲੋਂ ਵੱਧ ਡਾਕਟਰ ਅਲਬਰਟਾ ਨੂੰ ਆਪਣੀ ਸੇਵਾ ਲਈ ਚੁਣ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਨਿਵੇਸ਼ ਦੇ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਨਾਲ ਸੂਬੇ ਭਰ ਦੇ ਲੋਕਾਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਹੋਰ ਬਿਹਤਰ ਬਣ ਰਹੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਅਲਬਰਟਾ ਦੇ ਸਾਰੇ ਸਿਹਤ ਜ਼ੋਨਾਂ ਵਿੱਚ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਦੌਰਾਨ ਕੈਲਗਰੀ ਵਿੱਚ 446 ਅਤੇ ਐਡਮੰਟਨ ਵਿੱਚ 356 ਨਵੇਂ ਡਾਕਟਰ ਸ਼ਾਮਲ ਹੋਏ ਹਨ, ਜਦਕਿ ਉੱਤਰੀ, ਮੱਧ ਅਤੇ ਦੱਖਣੀ ਖੇਤਰਾਂ ਵਿੱਚ ਵੀ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਪਰਿਵਾਰਕ ਡਾਕਟਰਾਂ ਅਤੇ ਮਾਹਰ ਡਾਕਟਰਾਂ ਦੀ ਉਪਲਬਧਤਾ ਵਧੀ ਹੈ ਅਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਣ ਦੀ ਸੰਭਾਵਨਾ ਹੋਰ ਮਜ਼ਬੂਤ ਹੋਈ ਹੈ।ਸੂਬੇ ਵਿੱਚ ਵਧ ਰਹੇ ਡਾਕਟਰਾਂ ਦੀ ਗਿਣਤੀ ਕਾਰਨ ਵਾਕ-ਇਨ ਕਲੀਨਿਕਾਂ, ਅਰਜੈਂਟ ਕੇਅਰ ਸੈਂਟਰਾਂ ਅਤੇ ਹੋਰ ਭਾਈਚਾਰਕ ਸਿਹਤ ਕੇਂਦਰਾਂ ਵਿੱਚ ਸੇਵਾਵਾਂ ਦਾ ਦਾਇਰਾ ਵੀ ਵਧਿਆ ਹੈ। ਕਈ ਕਲੀਨਿਕ ਹੁਣ ਉਸੇ ਦਿਨ ਮਰੀਜ਼ਾਂ ਨੂੰ ਸਮਾਂ ਦੇ ਰਹੇ ਹਨ ਅਤੇ ਨਵੇਂ ਮਰੀਜ਼ਾਂ ਨੂੰ ਵੀ ਆਪਣੇ ਨਾਲ ਜੋੜ ਰਹੇ ਹਨ।ਪ੍ਰਾਇਮਰੀ ਅਤੇ ਰੋਕਥਾਮ ਵਾਲੀਆਂ ਸਿਹਤ ਸੇਵਾਵਾਂ ਦੇ ਮੰਤਰੀ ਜਸਟਿਨ ਰਾਈਟ ਨੇ ਕਿਹਾ ਕਿ ਸਰਕਾਰ ਹੋਰ ਡਾਕਟਰਾਂ ਦੀ ਸਿਖਲਾਈ, ਭਰਤੀ ਅਤੇ ਉਨ੍ਹਾਂ ਨੂੰ ਅਲਬਰਟਾ ਵਿੱਚ ਬਣਾਈ ਰੱਖਣ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਜਾਰੀ ਰੱਖੇਗੀ, ਤਾਂ ਜੋ ਸੂਬੇ ਦੇ ਹਰ ਖੇਤਰ ਵਿੱਚ ਸਿਹਤ ਸੇਵਾਵਾਂ ਹੋਰ ਮਜ਼ਬੂਤ ਬਣ ਸਕਣ।
ਇਸੇ ਕੜੀ ਤਹਿਤ ਬਜਟ 2026 ਵਿੱਚ ਡਾਕਟਰਾਂ ਦੀ ਭਰਤੀ, ਸਿਖਲਾਈ, ਮੁਆਵਜ਼ੇ ਅਤੇ ਸਿਹਤ ਪ੍ਰਣਾਲੀ ਦੇ ਵਿਕਾਸ ਲਈ 7.7 ਬਿਲੀਅਨ ਡਾਲਰ ਦੀ ਰਿਕਾਰਡ ਫੰਡਿੰਗ ਰੱਖੀ ਗਈ ਹੈ, ਜੋ ਪਿਛਲੇ ਬਜਟ ਨਾਲੋਂ 1.4 ਬਿਲੀਅਨ ਡਾਲਰ ਵੱਧ ਹੈ। ਇਸ ਤੋਂ ਇਲਾਵਾ, ਜੂਨ ਮਹੀਨੇ ਵਿੱਚ ਸਰਕਾਰ ਨੇ ਅਲਬਰਟਾ ਮੈਡੀਕਲ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤਹਿਤ ਡਾਕਟਰਾਂ ਦੇ ਮੁਆਵਜ਼ੇ ਵਿੱਚ 172.3 ਮਿਲੀਅਨ ਡਾਲਰ ਦੇ ਵਾਧੇ ਦਾ ਵੀ ਐਲਾਨ ਕੀਤਾ, ਜਿਸ ਨਾਲ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।
















