ਅਗਲੀਆਂ ਮਿਉਂਸਪਲ ਚੋਣਾਂ ਤੋਂ ਪਹਿਲਾਂ ਵੈਨਕੂਵਰ ਕੌਂਸਲ ਵਲੋਂ  7% ਪ੍ਰਾਪਰਟੀ ਟੈਕਸ ਵਿੱਚ ਵਾਧਾ ਹੋਣ ਦੀ ਸੰਭਾਵਨਾ

ਅਗਲੀਆਂ ਮਿਉਂਸਪਲ ਚੋਣਾਂ ਤੋਂ ਪਹਿਲਾਂ ਵੈਨਕੂਵਰ ਕੌਂਸਲ ਵਲੋਂ  7% ਪ੍ਰਾਪਰਟੀ ਟੈਕਸ ਵਿੱਚ ਵਾਧਾ ਹੋਣ ਦੀ ਸੰਭਾਵਨਾ

ਵੈਨਕੂਵਰ-ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਪ੍ਰਾਪਰਟੀ ਟੈਕਸ ਵਿੱਚ ਵਾਧੇ ਨੂੰ ਲੈ ਕੇ ਸਖਤ ਰੁਖ ਅਪਣਾਉਂਦਿਆਂ ਬੁੱਧਵਾਰ ਨੂੰ ਕੌਂਸਲ ਵਿੱਚ ਪੇਸ਼ ਕੀਤੇ ਸ਼ਹਿਰ ਦੇ ਬਜਟ ਆਉਟਲੁੱਕ ਵਿੱਚ 7 ਫੀਸਦੀ ਪ੍ਰਾਪਰਟੀ ਟੈਕਸ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਸਟਾਫ ਦਾ ਕਹਿਣਾ ਹੈ ਕਿ ਇਹ ਅੰਕੜਾ ਸ਼ਹਿਰ ਭਰ ਵਿੱਚ ਮੌਜੂਦਾ ਸੇਵਾ ਪੱਧਰਾਂ ਨੂੰ ਕਾਇਮ ਰੱਖਣ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੇ ਸੁਧਾਰਾਂ ਵਿੱਚ ਨਿਵੇਸ਼ ਨੂੰ ਕਵਰ ਕਰੇਗਾ। ਪਰ ਕੌਂਸਲ ਨੇ ਮੇਅਰ ਸਿਮ ਦੀ ਪੇਸ਼ਕਸ਼ ’ਤੇ ਇੱਕ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਵਿੱਚ ਸਟਾਫ ਨੂੰ ਪ੍ਰਾਪਰਟੀ ਟੈਕਸ ਵਾਧੇ ਨੂੰ 2.5 ਫੀਸਦੀ ਜਾਂ ਇਸ ਤੋਂ ਘੱਟ ਰੱਖਣ ਦੇ ਤਰੀਕਿਆਂ ਦੀ ਖੋਜ ਕਰਨ ਅਤੇ ਫਰੰਟ-ਲਾਈਨ ਸੇਵਾਵਾਂ ਵਿੱਚ ਕਟੌਤੀ ਕੀਤੇ ਬਿਨਾਂ ਜ਼ੀਰੋ ਫੀਸਦੀ ਵਾਧੇ ਦੇ ਸੀਨੇਰੀਓ ’ਤੇ ਵੀ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ  ਮੇਅਰ ਸਿਮ ਨੇ ਆਪਣੀ ਚੋਣ ਮੁਹਿੰਮ ਦੌਰਾਨ ਵਿੱਤੀ ਪ੍ਰਬੰਧਨ ਨੂੰ ਸੁਧਾਰਨ ਦਾ ਵਾਅਦਾ ਕੀਤਾ ਸੀ, ਨੇ ਆਪਣੇ ਪਹਿਲੇ ਸਾਲ ਵਿੱਚ 10.7 ਫੀਸਦੀ ਪ੍ਰਾਪਰਟੀ ਟੈਕਸ ਵਾਧੇ ਦੀ ਨਿਗਰਾਨੀ ਕੀਤੀ। ਉਸ ਤੋਂ ਬਾਅਦ, ਉਨ੍ਹਾਂ ਨੇ ਕਿਹਾ, ਕੌਂਸਲ ਨੇ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ, ਵੈਨਕੂਵਰ ਪੁਲਿਸ ਵਿਭਾਗ ਅਤੇ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਨੂੰ ਵਧੇਰੇ ਫੰਡਿੰਗ ਪ੍ਰਦਾਨ ਕੀਤੀ, ਅਤੇ 2024 ਲਈ ਪ੍ਰਾਪਰਟੀ ਟੈਕਸ ਵਾਧੇ ਨੂੰ ਘਟਾ ਕੇ 3.9 ਫੀਸਦੀ ਕਰ ਦਿੱਤਾ।  ਵਿਰੋਧੀ ਕੌਂਸਲਰਾਂ ਨੇ ਮੰਗ ਕੀਤੀ ਸੀ ਕਿ ਸਟਾਫ ਨੂੰ ਪ੍ਰਸਤਾਵਿਤ ਘੱਟ ਟੈਕਸ ਸੀਨੇਰੀਓਜ਼ ਅਧੀਨ ਸੰਭਾਵਿਤ ਸੇਵਾ ਕਟੌਤੀਆਂ ਦੀ ਪਾਰਦਰਸ਼ੀ ਸੂਚੀ ਵੀ ਸ਼ਾਮਲ ਕਰਨੀ ਚਾਹੀਦੀ। ਹਾਲਾਂਕਿ, ਇਹ ਸੋਧ ਏਬੀਸੀ ਵੈਨਕੂਵਰ ਦੀ ਬਹੁਮਤ ਵਾਲੀ ਕੌਂਸਲ ਨੇ ਵੋਟਿੰਗ ਰਾਹੀਂ ਰੱਦ ਕਰ ਦਿੱਤੀ, ਜਿਨ੍ਹਾਂ ਨੇ ਇਸ ਬੇਨਤੀ ਨੂੰ ਬੇਲੋੜੀ ਕਰਾਰ ਦਿੱਤਾ।  7 ਫੀਸਦੀ ਦੇ ਪ੍ਰਸਤਾਵਿਤ ਵਾਧੇ ਅਤੇ 2.5 ਜਾਂ ਜ਼ੀਰੋ ਫੀਸਦੀ ਦੇ ਟੀਚੇ ਵਿਚਕਾਰ ਦਾ ਫਰਕ ਸ਼ਹਿਰ ਦੇ ਬਜਟ ਨੂੰ ਸੰਤੁਲਿਤ ਕਰਨ ਵਿੱਚ ਵੱਡੀ ਚੁਣੌਤੀ ਪੇਸ਼ ਕਰਦਾ ਹੈ। ਸਿਮ ਦੀ ਅਗਵਾਈ ਵਾਲੀ ਏਬੀਸੀ ਪਾਰਟੀ ਦਾ ਜ਼ੋਰ ਵਿੱਤੀ ਅਨੁਸ਼ਾਸਨ ‘ਤੇ ਹੈ, ਪਰ ਵਿਰੋਧੀ ਧਿਰ ਨੂੰ ਚਿੰਤਾ ਹੈ ਕਿ ਘੱਟ ਟੈਕਸ ਵਾਧੇ ਦੇ ਸੀਨੇਰੀਓ ਵਿੱਚ ਜ਼ਰੂਰੀ ਸੇਵਾਵਾਂ, ਜਿਵੇਂ ਕਿ ਸਮੁਦਾਇਕ ਪ੍ਰੋਗਰਾਮ, ਸਿਹਤ ਸੇਵਾਵਾਂ ਜਾਂ ਸੁਰੱਖਿਆ, ‘ਤੇ ਅਸਰ ਪੈ ਸਕਦਾ ਹੈ। ਬਜਟ ਦੀ ਅਗਲੀ ਚਰਚਾ ਵਿੱਚ ਸਟਾਫ ਦੀ ਰਿਪੋਰਟ ਅਤੇ ਸੰਭਾਵਿਤ ਕਟੌਤੀਆਂ ਦੇ ਵੇਰਵੇ ਸਿਮ ਦੀ ਅਗਵਾਈ ਅਤੇ ਸ਼ਹਿਰ ਦੀ ਵਿੱਤੀ ਰਣਨੀਤੀ ਦੀ ਪਰਖ ਕਰਨਗੇ।